

ਮਾਨਸਾ, 18 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ):
ਜ਼ਿਲ੍ਹਾ ਮਾਨਸਾ ਵਿੱਚ ਟੀਬੀ (ਟਿਊਬਰਕੁਲੋਸਿਸ) ਮਰੀਜ਼ਾਂ ਦੀ ਸਹਾਇਤਾ ਲਈ ਨਿਕਸ਼ੈ ਮਿਤ੍ਰਾ ਪਹਲ ਦੀ ਸਮੀਖਿਆ ਅਤੇ ਮਜ਼ਬੂਤੀ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨਾਲ ਵਿਚਾਰ ਚਰਚਾ ਕੀਤੀ ਗਈ।
ਇਸ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ ਦੀ ਪ੍ਰਧਾਨਗੀ ਹੇਠ ਸਟੇਕ ਹੋਲਡਰਾਂ ਨਾਲ ਇੱਕ ਮੀਟਿੰਗ ਹੋਈ ਜਿਸ ਵਿਚ ਜ਼ਿਲ੍ਹਾ ਉਦਯੋਗ ਕੇਂਦਰ, ਕਿਰਤ ਵਿਭਾਗ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਇੰਡੀਅਨ ਰੈੱਡ ਕਰਾਸ ਸੁਸਾਇਟੀ ਅਤੇ ਲੀਡ ਬੈਂਕ ਮਾਨਸਾ ਦੇ ਨੁਮਾਇੰਦੇ ਸ਼ਾਮਿਲ ਹੋਏ।
ਮੀਟਿੰਗ ਦੌਰਾਨ ਡਾ. ਨਿਸ਼ੀ ਸੂਦ, ਜ਼ਿਲ੍ਹਾ ਟੀਬੀ ਅਫ਼ਸਰ, ਮਾਨਸਾ ਵੱਲੋਂ ਟੀਬੀ ਦੇ ਮਰੀਜ਼ਾਂ ਲਈ ਪੋਸ਼ਣ ਸਹਾਇਤਾ ਪ੍ਰਦਾਨ ਕਰਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਿਕਸ਼ੈ ਮਿਤ੍ਰਾ ਪਹਲ ਅਧੀਨ ਵੱਖ-ਵੱਖ ਸਟੇਕਹੋਲਡਰਾਂ ਦੀ ਵਧੇਰੇ ਭਾਗੀਦਾਰੀ ਦੀ ਲੋੜ ਉੱਤੇ ਜ਼ੋਰ ਦਿੱਤਾ।
ਡਾ. ਜਸਕੀਰਤ ਸਿੰਘ, ਸਟੇਟ ਪ੍ਰੋਗਰਾਮ ਅਫ਼ਸਰ, ਪੰਜਾਬ ਵੱਲੋਂ ਟੀਬੀ ਦੇ ਖ਼ਾਤਮੇ ਵਿੱਚ ਪੋਸ਼ਣ ਦੀ ਅਹਿਮ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਲਗਾਤਾਰ ਅਤੇ ਯੋਗ ਪੋਸ਼ਣ ਸਹਾਇਤਾ ਨਾਲ ਮਰੀਜ਼ਾਂ ਦੀ ਇਲਾਜ਼ ਨਾਲ ਜੁੜੇ ਰਹਿਣ ਦੀ ਸਮਰੱਥਾ ਵਧਦੀ ਹੈ, ਸਿਹਤ ਵਿੱਚ ਤੇਜ਼ ਸੁਧਾਰ ਹੁੰਦਾ ਹੈ ਅਤੇ ਇਲਾਜ਼ ਦੇ ਨਤੀਜੇ ਬਿਹਤਰ ਹੁੰਦੇ ਹਨ।
ਇਸ ਦੌਰਾਨ ਸਾਰੇ ਸਟੇਕ ਹੋਲਡਰਾਂ ਨੇ ਮਿਲ ਕੇ ਜ਼ਿਲ੍ਹਾ ਮਾਨਸਾ ਵਿੱਚ 800 ਟੀਬੀ ਮਰੀਜ਼ਾਂ ਨੂੰ ਨਿਕਸ਼ੈ ਮਿਤ੍ਰਾ ਤਹਿਤ ਗੋਦ ਲੈਣ ਲਈ ਰਣਨੀਤੀਆਂ ’ਤੇ ਚਰਚਾ ਕੀਤੀ ਤਾਂ ਜੋ ਉਨ੍ਹਾਂ ਦੀ ਪੋਸ਼ਣ ਸਹਾਇਤਾ ਦੀ ਲੋੜ ਪੂਰੀ ਕੀਤੀ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਟੀਬੀ ਮਰੀਜ਼ਾਂ ਲਈ ਪੋਸ਼ਣ ਸਹਾਇਤਾ ਵਿਚ ਸਰਗਰਮੀ ਵਿਖਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਹਾਜ਼ਰ ਸੰਸਥਾਵਾਂ ਅਤੇ ਵਿਭਾਗਾਂ ਨੂੰ ਨਿਰਧਾਰਤ ਟੀਚੇ ਸੌਂਪੇ ਅਤੇ ਉਮੀਦ ਜਤਾਈ ਕਿ ਸਾਰੇ ਸਟੇਕਹੋਲਡਰ ਆਪਣੀ ਸਮਰੱਥਾ ਅਨੁਸਾਰ ਮਰੀਜ਼ਾਂ ਨੂੰ ਗੋਦ ਲੈਣਗੇ। ਮੀਟਿੰਗ ਦੌਰਾਨ ਭਾਗੀਦਾਰਾਂ ਵੱਲੋਂ ਟੀਬੀ ਮਰੀਜ਼ਾਂ ਨੂੰ ਪੋਸ਼ਣ ਸਹਾਇਤਾ ਪ੍ਰਦਾਨ ਕਰਨ ਲਈ ਸਹਿਮਤੀ ਜਤਾਈ ਗਈ ਅਤੇ ਕੁਝ ਸਟੇਕਹੋਲਡਰਾਂ ਵੱਲੋਂ ਹੋਰ ਮਰੀਜ਼ਾਂ ਨੂੰ ਵੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ।























