

ਬਰੇਟਾ/ਮਾਨਸਾ, 18 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) :
ਡੈਜ਼ੀਗਨੇਟਿਡ ਅਫ਼ਸਰ (ਫੂਡ ਸੇਫਟੀ) ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਬਰੇਟਾ ਸ਼ਹਿਰ ਦੇ ਸ਼੍ਰੀ ਸੰਤੋਸ਼ੀ ਮਾਤਾ ਮੰਦਰ ਵਿਖੇ ਸਬੰਧਿਤ ਖਾਣ-ਪੀਣ ਦੀਆਂ ਵਸਤੂਆਂ ਦਾ ਕਾਰੋਬਾਰ ਕਰਨ ਵਾਲੇ ਕਰਿਆਣਾ, ਹਲਵਾਈ, ਡੇਅਰੀ, ਰੇਹੜੀ ਅਤੇ ਦੋਧੀ ਯੂਨੀਅਨ ਲਈ ਜਾਗਰੂਕਤਾ ਸੈਮੀਨਾਰ ਲਾਇਆ ਗਿਆ ਅਤੇ ਸਮਾਨ ਵੇਚਣ ਸਮੇਂ ਸਫ਼ਾਈ ਨੂੰ ਧਿਆਨ ਵਿਚ ਰੱਖਣ ਬਾਰੇ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਦਿੱਤੀ ਗਈ।
ਡਾ. ਰਾਏ ਨੇ ਕਰਿਆਣਾ, ਹਲਵਾਈਆਂ, ਡੇਅਰੀ, ਰੇਹੜੀ ਅਤੇ ਦੋਧੀ ਯੂਨੀਅਨ ਦੇ ਨੁਮਾਇੰਦਿਆਂ ਨੂੰ ਖੋਆ, ਪਨੀਰ ਅਤੇ ਹੋਰ ਮਠਿਆਈਆਂ ਆਦਿ ਆਪਣੇ ਅਦਾਰੇ ਦੇ ਅੰਦਰ ਹੀ ਬਣਾਉਣ, ਦੁਕਾਨਾਂ ‘ਤੇ ਮਿਆਦ ਲੰਘੀਆਂ ਵਸਤਾਂ ਨਾ ਵੇਚਣ, ਰੇਹੜ੍ਹੀਆਂ ‘ਤੇ ਸਾਫ ਸਫਾਈ ਰੱਖਣ ਦੀ ਹਦਾਇਤ ਕੀਤੀ।
ਉਨ੍ਹਾਂ ਕਿਹਾ ਗਿਆ ਕਿ ਖਾਣ-ਪੀਣ ਵਾਲੀਆਂ ਵਸਤਾਂ ਬਣਾਉਣ ਲਈ ਮਿਆਰੀ ਖਾਧ ਪਦਾਰਥਾਂ ਦੀ ਵਰਤੋਂ ਕੀਤੀ ਜਾਵੇ ਅਤੇ ਜੇਕਰ ਲੋੜ ਪੈਦੀ ਹੈ ਤਾਂ ਸਿਰਫ ਫੂਡ ਕਲਰ ਦੀ ਵਰਤੋਂ ਹੀ ਸੀਮਤ ਮਾਤਰਾ ਵਿੱਚ ਕੀਤੀ ਜਾਵੇ। ਉਨਾਂ ਕਿਹਾ ਕਿ ਮੌਕੇ ‘ਤੇ ਪਰੋਸੀਆਂ ਜਾਣ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਨੂੰ ਵੇਚਣ ਵਾਲੇ ਰੇਹੜ੍ਹੀ, ਢਾਬੇ ਅਤੇ ਦੁਕਾਨਾਂ ‘ਤੇ ਕੰਮ ਕਰਦੇ ਵਿਅਕਤੀ ਹੱਥਾਂ ਵਿਚ ਦਸਤਾਨੇ, ਮੂੰਹ ‘ਤੇ ਮਾਸਕ, ਸਿਰ ‘ਤੇ ਟੋਪੀ, ਹੈਟ ਜਾਂ ਪੱਗ ਬੰਨ੍ਹ ਕੇ ਰੱਖਣ। ਕੱਪੜੇ ਸਾਫ਼ ਸੁਥਰੇ ਅਤੇ ਨਹੁੰ ਕੱਟੇ ਹੋਣੇ ਚਾਹੀਦੇ ਹਨ।
ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਰੇਹੜੀਆਂ ਅਤੇ ਹੋਟਲਾਂ ਤੋਂ ਹੀ ਖਾਣ ਪੀਣ ਦੀ ਵਸਤਾਂ ਖਰੀਦੀਆਂ ਜਾਣ ਜੋ ਫੂਡ ਸੇਫਟੀ ਦੇ ਇਨ੍ਹਾਂ ਨਿਯਮਾਂ ਦਾ ਪਾਲਣਾ ਕਰਦੇ ਹਨ। ਉਨ੍ਹਾਂ ਖਾਣ-ਪੀਣ ਵਾਲੀਆਂ ਵਸਤਾਂ ਦੀ ਸਾਫ-ਸਫਾਈ, ਅਦਾਰਿਆਂ ਦੇ ਲਾਇਸੰਸ/ਰਜਿਸਟ੍ਰੇਸ਼ਨ, ਆਦਰਿਆਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੇ ਮੈਡੀਕਲ ਕਰਵਾਉਣ ਸਬੰਧੀ ਹਦਾਇਤ ਜਾਰੀ ਕੀਤੀ।
ਉਨਾਂ ਸਮੂਹ ਖੁਰਾਕ ਵਿਕਰੇਤਾਵਾਂ ਤੋਂ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਸ਼ੁੱਧ ਤੇ ਮਿਲਾਵਟ ਰਹਿਤ ਖੁਰਾਕ ਪਦਾਰਥ ਆਮ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਸਕਣ।
ਇਸ ਮੌਕੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਕੁਮਾਰ, ਨਰਾਇਣ ਦਾਸ, ਭੀਮ ਸੈਨ ਗਰਗ, ਮਨਿੰਦਰ ਕੁਮਾਰ, ਪ੍ਰਿੰਸ ਕੁਮਾਰ, ਦੋਧੀ ਯੂਨੀਅਨ ਦੇ ਪ੍ਰੀਤ ਸਿੰਘ ਅਤੇ ਹਲਵਾਈ ਯੂਨੀਅਨ ਦੇ ਮੀਨੂ ਰਾਣੀ ਹਾਜ਼ਰ ਸਨ।























