

ਗੁਰਦਾਸਪੁਰ : ਸੀ. ਏ. ਸਟਾਫ ਗੁਰਦਾਸਪੁਰ ਨੇ ਅਕਾਲੀ ਦਲ ਦੇ ਇਕ ਸਰਪੰਚ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ 300 ਨਸ਼ੀਲੀਆਂ ਗੋਲੀਆ ਬਰਾਮਦ ਕੀਤੀਆ ਹਨ। ਦੋਸ਼ੀ ਵਿਰੁੱਧ 21-61-85 ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀ. ਏ. ਸਟਾਫ ਗੁਰਦਾਸਪੁਰ ਦੇ ਇੰਚਾਰਜ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਸਟਾਫ ਵਿਚ ਤਾਇਨਾਤ ਏ. ਐੱਸ. ਆਈ. ਗੁਰਦਰਸ਼ਨ ਸਿੰਘ ਪੁਲਸ ਪਾਰਟੀ ਨਾਲ ਧਾਰੀਵਾਲ ਖੇਤਰ ‘ਚ ਗਸ਼ਤ ਕਰ ਰਹੇ ਸੀ ਕਿ ਧਾਰੀਵਾਲ ਬਾਈਪਾਸ ਪੁੱਲ ‘ਤੇ ਪਿੰਡ ਅਹਿਮਦਾਬਾਦ ਕੋਲ ਸ਼ੱਕ ਦੇ ਆਧਾਰ ‘ਤੇ ਇਕ ਕਾਰ (ਪੀ. ਬੀ 06 ਵਾਈ 3377) ਨੂੰ ਰੋਕਿਆ ਗਿਆ।
ਕਾਰ ਵਿਚ ਸਵਾਰ ਵਿਅਕਤੀ ਤੋਂ ਜਦੋਂ ਪੁੱਛਗਿਛ ਕੀਤੀ ਗਈ ਤਾਂ ਕਾਰ ਚਾਲਕ ਨੇ ਆਪਣਾ ਨਾਮ ਸਤਨਾਮ ਸਿੰਘ ਪੁੱਤਰ ਸੋਹਣ ਸਿੰਘ ਨਿਵਾਸੀ ਪਿੰਡ ਦੀਨਪੁਰ ਦੱਸਿਆ ਅਤੇ ਉਸ ਨੇ ਦਾਅਵਾ ਕੀਤਾ ਕਿ ਉਹ ਪਿੰਡ ਦੀਨਪੁਰ ਦਾ ਸਰਪੰਚ ਹੈ। ਸੋਹਣ ਸਿੰਘ ਦੀ ਕਾਰ ਦੀ ਤਾਲਾਸ਼ੀ ਲੈਣ ‘ਤੇ ਕਾਰ ‘ਚੋਂ 150 ਕੈਪਸੂਲ ਟ੍ਰਾਮਾਡੋਲ ਅਤੇ 150 ਐਲਪ੍ਰੈੱਸ ਗੋਲੀਆਂ ਬਰਾਮਦ ਹੋਈਆਂ, ਜਿਸ ‘ਤੇ ਉਸ ਨੂੰ ਐੱਨ. ਡੀ. ਪੀ. ਐੱਸ. ਐਕਟ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਸੋਹਣ ਸਿੰਘ ਪਿੰਡ ਦਾ ਸਰਪੰਚ ਵੀ ਹੈ ਅਤੇ ਧਾਰੀਵਾਲ ਅਨਾਜ ਮੰਡੀ ਦੇ ਕੋਲ ਗੁਰੂ ਨਾਨਕ ਮੈਡੀਕਲ ਸਟੋਰ ਦੇ ਨਾਮ ਨਾਲ ਕੈਮਿਸਟ ਦੀ ਦੁਕਾਨ ਵੀ ਚਲਾਉਂਦਾ ਹੈ। ਦੋਸ਼ੀ ਸਾਲ 2016 ਵਿਚ ਵੀ 4300 ਨਸ਼ਾ ਪੂਰਤੀ ਵਾਲੀਆਂ ਗੋਲੀਆਂ ਨਾਲ ਫੜਿਆ ਗਿਆ ਸੀ ਅਤੇ ਜ਼ਮਾਨਤ ਕਰਵਾਉਣ ਤੋਂ ਬਾਅਦ ਫਿਰ ਇਸੇ ਧੰਦੇ ਵਿਚ ਲੱਗ ਗਿਆ। ਦੋਸ਼ੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
EDITED BY : SARA YAHA | | Last Updated : 7:10 pm 14 September 2018























