

ਮਾਨਸਾ, 28 ਨਵੰਬਰ (ਹੀਰਾ ਸਿੰਘ ਮਿੱਤਲ) : ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ ‘ਤੇ ਕਈ ਸਕੀਮਾਂ ਚਲਾਈਆਂ ਜਾਂਦੀਆਂ ਹਨ, ਜਿਸ ਤਹਿਤ ਸਬਸਿਡੀ ਦੇ ਨਾਲ-ਨਾਲ ਚਾਹਵਾਨ ਵਿਅਕਤੀਆਂ ਲਈ ਮੁਫ਼ਤ ਸਿਖਲਾਈ ਕੈਂਪ ਵੀ ਲਗਾਏ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਸ਼੍ਰੀ ਸੁਖਵਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਵਾਲਿਆਂ ਨੂੰ ਪੰਜਾਬ ਸਰਕਾਰ ਵੱਲੋਂ ਨਵੇਂ ਛੱਪੜਾਂ ਦੀ ਪੁਟਾਈ ਅਤੇ ਮੱਛੀ ਦੀ ਖਾਦ-ਖੁਰਾਕ ਲਈ 7.50 ਲੱਖ ਰੁਪਏ ਪ੍ਰਤੀ ਹੈਕਟੇਅਰ ਕਰਜ਼ਾ ਦਿਵਾਇਆ ਜਾਂਦਾ ਹੈ ਅਤੇ ਅਨੁਮਾਨਤ ਲਾਗਤ ‘ਤੇ 40 ਫੀਸਦੀ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪੁਰਾਣੇ ਛੱਪੜਾਂ ਦੇ ਸੁਧਾਰ ਅਤੇ ਮੱਛੀ ਦੀ ਖੁਰਾਕ ਲਈ 4.50 ਲੱਖ ਰੁਪਏ ਪ੍ਰਤੀ ਹੈਕਟੇਅਰ ਕਰਜ਼ਾ ਦਿਵਾਇਆ ਜਾਂਦਾ ਹੈ ਅਤੇ ਅਨੁਮਾਨਤ ਲਾਗਤ ‘ਤੇ 20 ਫੀਸਦੀ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਮੱਛੀ ਪਾਲਣ ਦੇ ਕੰਮ ਨੂੰ ਉਤਸ਼ਾਹਿਤ ਕਰਨ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਹੋਏ ਹਨ ਅਤੇ ਮੱਛੀ ਪਾਲਣ ਦਾ ਕੰਮ ਕਰਨ ਵਾਲੇ ਮੱਛੀ ਪਾਲਕਾਂ ਲਈ ਸਬਸਿਡੀ ਦਾ ਵੀ ਪ੍ਰਬੰਧ ਕੀਤਾ ਹੈ, ਜਿਸ ਨਾਲ ਇਸ ਕੰਮ ਨੂੰ ਸ਼ੁਰੂ ਕਰਨ ਲਈ ਨੌਜਵਾਨਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਇਸ ਤੋਂ ਇਲਾਵਾ ਬੈਂਕਾਂ ਤੋਂ ਅਸਾਨ ਕਿਸ਼ਤਾਂ ‘ਤੇ ਕਰਜ਼ੇ ਵੀ ਦਿਵਾਏ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਹਰ ਨੌਜਵਾਨ, ਬਜ਼ੁਰਗ, ਇਸਤਰੀ ਜਾਂ ਮਰਦ, ਪੜ੍ਹਿਆ ਜਾਂ ਅਨਪੜ੍ਹ ਸਹਿਜੇ ਹੀ ਮੱਛੀ ਪਾਲਣ ਦਾ ਧੰਦਾ ਅਪਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁੱਢਲਾ ਗਿਆਨ ਦੇਣ ਲਈ ਮਾਨਸਾ ਵਿਖੇ ਹਰ ਮਹੀਨੇ 5 ਦਿਨਾਂ ਮੁਫ਼ਤ ਸਿਖਲਾਈ ਕੈਂਪ ਵੀ ਲਗਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਲਗਭੱਗ ਸਾਰੇ ਇਲਾਕੇ ਦਾ ਪਾਣੀ ਮੱਛੀ ਪਾਲਣ ਦੇ ਯੋਗ ਹੈ ਅਤੇ ਇਸ ਤੋਂ ਇਲਾਵਾ ਕਿਸਾਨਾਂ ਨੂੰ ਸੰਯੁਕਤ ਮੱਛੀ ਪਾਲਣ ਅਪਨਾਉਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ, ਜਿਸ ਵਿਚ ਮੱਛੀ ਪਾਲਣ ਦੇ ਨਾਲ-ਨਾਲ ਡੇਅਰੀ, ਸੂਰ ਪਾਲਣ, ਮੁਰਗੀ ਪਾਲਣ, ਬਾਗਬਾਨੀ ਅਤੇ ਮੱਧੂ ਮੱਖੀ ਪਾਲਣ ਆਦਿ ਧੰਦੇ ਕਰਕੇ ਵੱਧ ਕਮਾਈ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਅੰਦਰ ਮੱਛੀ ਪਾਲਕਾਂ ਵੱਲੋਂ ਸ਼ਰਿੰਪ ਫਾਰਮਿੰਗ ਕੀਤੀ ਜਾ ਰਹੀ ਹੈ, ਜਿਸ ਤੋਂ 8 ਤੋਂ 9 ਲੱਖ ਰੁਪਏ ਪ੍ਰਤੀ ਹੈਕਟੇਅਰ ਦਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਵਿਚ ਸਾਲ 2018-19 ਦੌਰਾਨ ਹੁਣ ਤੱਕ 121 ਸਿੱਖਿਆਰਥੀਆਂ ਨੂੰ ਮੱਛੀ ਪਾਲਣ ਸਬੰਧੀ ਮੁਫ਼ਤ 5 ਦਿਨਾਂ ਸਿਖਲਾਈ ਦਿੱਤੀ ਜਾ ਚੁੱਕੀ ਹੈ।
EDITED BY : SARA YAHA | | Last Updated : 6:38 PM 28 ਨਵੰਬਰ 2018
























