ਕੂੜੇ ਦੀ ਸਮੱਸਿਆ ਤੋਂ ਨਿਜ਼ਾਤ ਲਈ ਸਾਰਿਆਂ ਨੂੰ ਸਾਂਝਾ ਹੰਭਲਾ ਮਾਰਨ ਦੀ ਲੋੜ : ਡਿਪਟੀ ਕਮਿਸ਼ਨਰ

0
33

ਮਾਨਸਾ, 28 ਨਵੰਬਰ (ਬਲਜੀਤ ਸ਼ਰਮਾ) : ਜ਼ਿਲ੍ਹਾ ਮਾਨਸਾ ਨੂੰ ਕੂੜਾ ਮੁਕਤ, ਡੰਪ ਮੁਕਤ ਅਤੇ ਸਾਫ਼ ਸੁਥਰਾ ਬਣਾਉਣ ਲਈ ਸਥਾਨਕ ਬੱਚਤ ਭਵਨ ਵਿਖੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਕੀਤੀ ਗਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੂੜੇ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਸਾਨੂੰ ਸਾਰਿਆਂ ਨੂੰ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਲਈ ਹਰੇਕ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਨੀ ਚਾਹੀਦੀ ਹੈ ਅਤੇ ਇਸ ਕੰਮ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੂੜੇ ਤੋਂ ਵੀ ਆਮਦਨ ਪੈਦਾ ਕੀਤੀ ਜਾ ਸਕਦੀ ਹੈ ਜੇਕਰ ਇਸ ਦਾ ਪ੍ਰਯੋਗ ਅਸੀਂ ਸਹੀ ਦਿਸ਼ਾ ਵਿੱਚ ਕਰਦੇ ਹਾਂ। ਇਸ ਨਾਲ ਨਗਰ ਕੌਂਸਲ ਦਾ ਜੋ ਪੈਸਾ ਕੂੜੇ ਦੀ ਢੋਆ-ਢੁਆਈ ਜਾਂ ਇਸਨੂੰ ਨਸ਼ਟ ਕਰਨ ਵਿੱਚ ਖ਼ਰਚ ਹੁੰਦਾ ਹੈ ਉਸਦਾ ਇਸਤੇਮਾਲ ਸ਼ਹਿਰ ਦੇ ਹੋਰ ਵਿਕਾਸ ਕੰਮਾਂ ‘ਤੇ ਕੀਤਾ ਜਾ ਸਕਦਾ ਹੈ।
ਅੱਜ ਦੀ ਇਸ ਵਰਕਸ਼ਾਪ ਵਿੱਚ ਕੂੜੇ ਤੋਂ ਆਮਦਨ ਪੈਦਾ ਕਰਨ ਦੇ ਨਵੇਂ-ਨਵੇਂ ਅਤੇ ਦੇਸੀ ਤਰੀਕਿਆਂ ਤੋਂ ਸ਼ਹਿਰ ਵਾਸੀਆਂ ਨੂੰ ਜਾਣੂ ਕਰਵਾਉਣ ਲਈ ਗਰੀਨ ਇੰਡੀਆ ਸਰਵਿਸ ਦੇ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਸੀ. ਨਿਵਾਸਨ ਉਚੇਚੇ ਤੌਰ ‘ਤੇ ਪੰਹੁਚੇ। ਸ਼੍ਰੀ ਨਿਵਾਸਨ ਵੱਲੋਂ ਅੰਬਿਕਾਪੁਰ (ਛੱਤੀਸਗੜ੍ਹ) ਵਿਖੇ ਪੂਰੇ ਸ਼ਹਿਰ ਨੂੰ ਕੂੜੇ ਤੋਂ ਨਿਜਾਤ ਦਿਵਾਉਣ ਲਈ ਇੱਕ ਪ੍ਰੋਜੈਕਟ ਤਿਆਰ ਕਰਕੇ ਉਸ ਸ਼ਹਿਰ ਨੂੰ ਕੂੜਾ ਮੁਕਤ ਸ਼ਹਿਰ ਬਣਾ ਦਿੱਤਾ ਗਿਆ ਹੈ। ਇਨ੍ਹਾਂ ਵੱਲੋਂ ਮਾਨਸਾ ਨੂੰ ਕੂੜੇ ਤੋਂ ਨਿਜਾਤ ਦਿਵਾਉਣ ਲਈ ਨਗਰ ਕੌਂਸਲ ਨਾਲ ਮਿਲਕੇ ਜਲਦੀ ਹੀ ਇੱਕ ਰੂਪ-ਰੇਖਾ ਤਿਆਰ ਕੀਤੀ ਜਾਵੇਗੀ, ਤਾਂ ਜੋ ਜ਼ਿਲ੍ਹੇ ਨੂੰ ਜਲਦੀ ਹੀ ਕੂੜਾ ਮੁਕਤ ਕੀਤਾ ਜਾ ਸਕੇ।
ਵਰਕਸ਼ਾਪ ਦੌਰਾਨ ਸ਼੍ਰੀ ਸੀ. ਨਿਵਾਸਨ ਨੇ ਦੱਸਿਆ ਕਿ ਕੁਦਰਤ ਨੇ ਮਨੁੱਖੀ ਸਰੀਰ ਦੀ ਰਚਨਾ ਇਸ ਤਰ੍ਹਾਂ ਨਾਲ ਕੀਤੀ ਹੈ ਕਿ ਮਰਨ ਤੋਂ ਬਾਅਦ ਵੀ 6 ਘੰਟਿਆਂ ਤੱਕ ਵਿਅਕਤੀ ਦੀਆਂ ਅੱਖਾਂ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਅੰਗਾਂ ਦਾ ਇਸਤੇਮਾਲ ਵੱਖ-ਵੱਖ ਸਮੇਂ ਦੌਰਾਨ ਪ੍ਰਯੋਗ ਵਿੱਚ ਲਿਆਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜੇਕਰ ਫਲਾਂ-ਸਬਜ਼ੀਆਂ ਨੂੰ ਕੱਟਣ ਤੋਂ 12 ਘੰਟਿਆਂ ਦੇ ਅੰਦਰ-ਅੰਦਰ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਅਸੀਂ 12 ਘੰਟਿਆਂ ਅੰਦਰ ਉਸ ਦਾ ਪ੍ਰਯੋਗ ਨਹੀਂ ਕਰਦੇ ਤਾਂ 24 ਘੰਟਿਆਂ ਵਿੱਚ ਉਸ ਵਿੱਚ ਹਲਕੀ ਬਦਬੂ, 48 ਘੰਟਿਆਂ ਵਿੱਚ ਬਹੁਤ ਜ਼ਿਆਦਾ ਬਦਬੂ ਅਤੇ 72 ਘੰਟਿਆਂ ਅੰਦਰ ਕੀੜੇ ਪੈਣੇ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਇਸ ਕੰਮ ਵਿੱਚ ਸਹਿਯੋਗ ਕਰਦੇ ਹਨ ਤਾਂ 18 ਮਹੀਨਿਆਂ ਤੋਂ ਵੀ ਘੱਟ ਸਮੇਂ ਅੰਦਰ ਜ਼ਿਲ੍ਹਾ ਮਾਨਸਾ ਨੂੰ ਕੂੜਾ ਮੁਕਤ ਕਰ ਦਿੱਤਾ ਜਾਵੇਗਾ।
ਪ੍ਰੋਜੈਕਟ ਡਾਇਰੈਕਟਰ ਸ਼੍ਰੀ ਸੀ. ਨਿਵਾਸਨ ਨੇ ਕਿਹਾ ਕਿ ਜਦੋਂ ਅਸੀਂ ਕੂੜਾ-ਕਰਕਟ ਸੜਕਾਂ ‘ਤੇ ਸੁੱਟ ਦਿੰਦੇ ਹਾਂ ਤਾਂ ਉਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਮੱਖੀਆਂ ਪੈਦਾ ਹੋ ਜਾਂਦੀਆਂ ਹਨ ਜੋ ਕਿ ਗੰਦੀਆਂ ਚੀਜ਼ਾਂ ਵਿੱਚ ਬੈਠਣ ਤੋਂ ਬਾਅਦ ਸਾਡੇ ਖਾਣ-ਪੀਣ ਦੀਆਂ ਵਸਤਾਂ ‘ਤੇ ਬੈਠਦੀਆਂ ਹਨ ਅਤੇ ਨਤੀਜੇ ਵਜੋਂ ਸਾਨੂੰ ਡਾਇਰੀਆ ਵਰਗੀਆਂ ਬਿਮਾਰੀਆਂ ਆਪਣੀ ਚਪੇਟ ਵਿੱਚ ਲੈ ਲੈਂਦੀਆਂ ਹਨ। ਇਸੇ ਤਰ੍ਹਾਂ ਜਦੋਂ ਪਾਣੀ ਇੱਕ ਥਾਂ ‘ਤੇ ਇੱਕਠਾ ਹੋ ਜਾਂਦਾ ਹੈ, ਤਾਂ ਉਸ ਵਿੱਚ ਵੱਡੀ ਤਾਦਾਦ ਵਿੱਚ ਮੱਛਰ ਪੈਣਾ ਹੋ ਜਾਂਦਾ ਹੈ ਅਤੇ ਸਾਨੂੰ ਡੇਂਗੂ ਜਾਂ ਮਲੇਰੀਆ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੱਛਰ ਨੂੰ ਪੈਦਾ ਹੋਣ ਲਈ ਹਨੇਰਾ, ਠੰਡੀ ਜਗ੍ਹਾ ਅਤੇ ਪਾਣੀ ਦੀ ਲੋੜ ਹੁੰਦੀ ਹੈ ਜੋ ਅਸੀਂ ਆਪਣੀਆਂ ਲਾਪ੍ਰਵਾਹੀਆ ਕਾਰਨ ਖੁਦ ਹੀ ਮੁਹੱਈਆ ਕਰਵਾ ਦਿੰਦੇ ਹਾਂ। ਇਸ ਲਈ ਹਰੇਕ ਨਾਗਰਿਕ ਦਾ ਫਰਜ ਹੈ ਕਿ ਉਹ ਆਪਣਾ ਆਲਾ-ਦੁਆਲਾ ਸਾਫ਼ ਰੱਖਣ।
ਵਰਕਸ਼ਾਪ ਦੌਰਾਨ ਸ਼੍ਰੀ ਸੀ. ਨਿਵਾਸਨ ਨੇ ਦੱਸਿਆ ਕਿ ਕੂੜਾ ਵੀ ਸੋਨੇ ਦੀ ਖਾਨ ਹੈ ਜੇਕਰ ਇਸਦਾ ਪ੍ਰਯੋਗ ਅਸੀਂ ਸਮਾਂ ਰਹਿੰਦਿਆਂ ਅਤੇ ਸਹੀ ਦਿਸ਼ਾ ਵੱਲ ਕਰਦੇ ਹਾਂ। ਉਨ੍ਹਾਂ ਦੱਸਿਆ ਕਿ 1997 ਤੋਂ ਉਨ੍ਹਾਂ ਨੇ ਇਸ ਸੰਦਰਭ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਇਸ ਲੰਮੇ ਅੰਤਰਾਲ ਦੀ ਰਿਸਰਚ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਕੂੜੇ ਤੋਂ ਵੀ ਆਮਦਨ ਕਮਾਈ ਜਾ ਸਕਦੀ ਹੈ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਕਿਸੇ ਵੀ ਤਰ੍ਹਾਂ ਦੀਆਂ ਮਸ਼ੀਨਾਂ ਜਾਂ ਮਹਿੰਗੇ ਵਾਹਨ ਖਰੀਦਣ ਦੀ ਜ਼ਰੂਰਤ ਨਹੀਂ ਸਗੋਂ ਦੇਸੀ ਪ੍ਰਣਾਲੀ ਨਾਲ ਇਹ ਸਭ ਸੰਭਵ ਕੀਤਾ ਜਾ ਸਕਦਾ ਹੈ। ਵਰਕਸ਼ਾਪ ਦੌਰਾਨ ਉਨ੍ਹਾਂ ਮੌਜੂਦਾ ਨੂੰ ਕੂੜੇ ਦੀ ਵਰਤੋਂ ਕਿਵੇਂ ਅਤੇ ਕਿਸ ਢੰਗ ਨਾਲ ਕਰਨੀ ਹੈ ਅਤੇ ਇਸਦੀ ਕੀ ਪ੍ਰਕ੍ਰਿਆ ਹੈ ਸਬੰਧੀ ਜਾਣੂ ਕਰਵਾਇਆ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜੇਸ਼ ਤ੍ਰਿਪਾਠੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਨਸਾ ਸ਼੍ਰੀ ਅਭਿਜੀਤ ਕਪਲਿਸ਼, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਲਤੀਫ਼ ਅਹਿਮਦ, ਐਸ.ਡੀ.ਐਮ. ਬੁਢਲਾਡਾ ਸ਼੍ਰੀ ਆਦਿਤਯ ਆਡਂਚਵਾਲ, ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਦਿਨੇਸ਼ ਵਿਸ਼ਿਸ਼ਟ, ਪ੍ਰਧਾਨ ਨਗਰ ਕੌਂਸਲ ਮਾਨਸਾ ਸ਼੍ਰੀ ਮਨਦੀਪ ਸਿੰਘ ਗੋਰਾ, ਕਾਰਜ ਸਾਧਕ ਅਫ਼ਸਰ ਮਾਨਸਾ ਸ਼੍ਰੀ ਵਿਜੇ ਕੁਮਾਰ, ਕੱਲਬਾਂ ਦੇ ਨੁਮਾਇੰਦੇ, ਰੈਸਟੋਰੈਂਟ ਦੇ ਮਾਲਕ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।  


EDITED BY : SARA YAHA | | Last Updated :6:34 PM 28 ਨਵੰਬਰ 2018

LEAVE A REPLY

Please enter your comment!
Please enter your name here