

ਬੁਢਲਾਡਾ- 3 ਦਸੰਬਰ – (ਸਾਰਾ ਯਹਾਂ/ਮੇਹਤਾ ਅਮਨ) – ਅੱਜ ਇੱਥੇ ਨਗਰ ਸੁਧਾਰ ਸਭਾ ਬੁਢਲਾਡਾ ਦੀ ਆਗੂ ਟੀਮ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੰਸਥਾ ਵੱਲੋਂ ਸ਼ਹਿਰ ਵਿੱਚ ਵਿਸ਼ੇਸ਼ ਮੁਹਿੰਮ ਵਿੱਢ ਕੇ ਚਿੱਟੇ , ਮੈਡੀਕਲ ਆਦਿ ਨਸ਼ਿਆਂ ਵਿਰੁੱਧ ਸ਼ਹਿਰਵਾਸੀਆਂ ਦੇ 10 ਹਜ਼ਾਰ ਤੋਂ ਵੱਧ ਦਸਤਖ਼ਤ ਕਰਵਾਏ ਜਾਣਗੇ।
ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਸੰਸਥਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਔਲਖ ਨੇ ਕੀਤੀ।
ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਨਗਰ ਸੁਧਾਰ ਸਭਾ ਦੇ ਕੁਆਰਡੀਨੇਟਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਸ਼ਹਿਰ ਵਿੱਚ ਚੋਰੀ, ਲੁੱਟ ਖੋਹ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਸਰੇਆਮ ਵਾਪਰ ਰਹੀਆਂ ਹਨ।
ਪਰ ਪੁਲਿਸ ਪ੍ਰਸ਼ਾਸਨ ਸਖਤ ਕਦਮ ਚੁੱਕਣ ਬਜਾਏ ਮੂਕ ਦਰਸ਼ਕ ਬਣਿਆ ਬੈਠਾ ਹੈ। ਐਡਵੋਕੇਟ ਦਲਿਓ ਨੇ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ਼ ਸਿਸਟਮ ਦਾ ਬੁਰਾ ਹਾਲ ਹੈ ਅਤੇ ਗੰਦੇ ਪਾਣੀ ਦੀ ਲੀਕਜ਼ ਹੋ ਰਹੀ ਹੈ। ਪੀਣ ਦੇ ਪਾਣੀ ਵਿੱਚ ਸੀਵਰੇਜ਼ ਦਾ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਸ਼ਹਿਰ ਦੀਆਂ ਮੰਗਾਂ ਅਤੇ ਮਸਲਿਆਂ ਸਬੰਧੀ ਇੱਕ ਮੰਗ ਚਾਰਟਰ ਤਿਆਰ ਕੀਤਾ ਹੈ ਜਿਸ ਸਬੰਧੀ ਆਉਣ ਵਾਲੇ ਦਿਨਾਂ ਵਿੱਚ ਉੱਚ ਅਧਿਕਾਰੀਆਂ ਨੂੰ ਮਿਲ਼ਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਸ਼ਹਿਰ ਵਿੱਚ ਸਰੁੱਖਿਆ ਦੇ ਮੱਦੇਨਜ਼ਰ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣ ਅਤੇ ਸ਼ਹਿਰ ਵਿੱਚ ਵਿਸ਼ੇਸ਼ ਥਾਵਾਂ ‘ਤੇ ਰਾਤ ਸਮੇਂ ਪੁਲਿਸ ਪੋਸਟਾਂ ਸਥਾਪਤ ਕੀਤੀਆਂ ਜਾਣ।
ਨਗਰ ਸੁਧਾਰ ਸਭਾ ਦੇ ਆਗੂ ਨੇ ਨਗਰ ਕੌਂਸਲ ਸਮੇਤ ਸਾਰੇ ਵਿਭਾਗਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਸਬੰਧੀ ਕਿਹਾ ਕਿ ਜੇਕਰ ਆਮ ਲੋਕਾਂ ਦੀ ਲੁੱਟ ਬੰਦ ਨਾ ਕੀਤੀ ਗਈ ਤਾਂ ਸੰਸਥਾ ਇਸ ਵਿਰੁੱਧ ਐਕਸ਼ਨ ਕਰਨ ਲਈ ਮਜਬੂਰ ਹੋਵੇਗੀ।
ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਨਵੀਂ ਅਨਾਜ ਮੰਡੀ ਦੇ ਵਿਕਾਸ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇ਼ ਅਤੇ ਮਟੀਰੀਅਲ ਤੈਅ ਮਾਪਦੰਡਾਂ ਅਨੁਸਾਰ ਪਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸੰਸਥਾ ਦੀ ਅਗਲੀ ਜਨਤਕ ਮੀਟਿੰਗ 6 ਦਸੰਬਰ ਨੂੰ ਸ਼ਾਮ 5 ਵਜੇ ਰਾਮਲੀਲਾ ਗਰਾਂਊਂਡ ਵਿੱਚ ਬੁਲਾ ਲਈ ਗਈ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੇਮ ਸਿੰਘ ਦੋਦੜਾ, ਸਤਪਾਲ ਸਿੰਘ ਕਟੌਦੀਆ, ਮਾਸਟਰ ਰਘੁਨਾਥ ਸਿੰਗਲਾ, ਗਗਨ ਦਾਸ ਵੈਰਾਗੀ, ਰਾਜਿੰਦਰ ਸਿੰਘ , ਰਾਮਗੋਪਾਲ ਸ਼ਾਮਲ ਸਨ।























