*ਦ੍ਰਿੜ ਇੱਛਾ ਸ਼ਕਤੀ ਨਾਲ ਨਸ਼ਿਆਂ ਤੋਂ ਨਿਜਾਤ ਪਾਈ ਜਾ ਸਕਦੀ ਹੈ-ਵਿਧਾਇਕ ਪ੍ਰਿੰਸੀਪਲ ਬੁੱਧ ਰਾਮ*

0
11

ਮਾਨਸਾ, 04 ਜੂਨ : (ਸਾਰਾ ਯਹਾਂ/ਮੁੱਖ ਸੰਪਾਦਕ)

            ਜੇਕਰ ਨਸ਼ਾ ਕਰਨ ਵਾਲਾ ਹਰ ਵਿਅਕਤੀ ਦ੍ਰਿੜ ਨਿਸ਼ਚਾ ਕਰ ਲਵੇ ਤਾਂ ਉਹ ਆਸਾਨੀ ਨਾਲ ਨਸ਼ਿਆਂ ਦੇ ਚੰਗੁਲ ਵਿੱਚੋਂ ਬਾਹਰ ਨਿਕਲ ਸਕਦਾ ਹੈ। ਇਹ ਵਿਚਾਰ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ਼੍ਰੀ ਬੁੱਧ ਰਾਮ ਨੇ ਲੰਘੇ ਦਿਨੀਂ ਹਲਕੇ ਦੇ 6 ਪਿੰਡਾਂ ਵਿੱਚ ਲੋਕਾਂ ਨਾਲ ਕੀਤੀਆਂ ਜਨਸਭਾਵਾਂ ਦੌਰਾਨ ਸਾਂਝੇ ਕੀਤੇ। ਉਹ ਬੁਢਲਾਡਾ ਹਲਕੇ ਦੇ ਪਿੰਡਾਂ ਖੁਡਾਲ ਕਲਾਂ, ਸ਼ੇਖੂਪੂਰ ਖੁਡਾਲ, ਬਖਸ਼ੀਵਾਲਾ, ਕਾਹਨਗੜ੍ਹ, ਜੁਗਲਾਨ ਅਤੇ ਮੰਡੇਰ ਵਿਖੇ ਨਸ਼ਾ ਰੋਕੂ ਰੱਖਿਆ ਕਮੇਟੀਆਂ ਅਤੇ ਪਿੰਡਾਂ ਦੇ ਲੋਕਾਂ ਨਾਲ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ।

            ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਜੰਗ ਹੋਰ ਵੀ ਤੇਜ਼ ਕਰ ਦਿੱਤੀ ਹੈ ਅਤੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾ ਕੇ ਉਨ੍ਹਾਂ ਦਾ ਸੁਚੱਜੇ ਢੰਗ ਨਾਲ ਇਲਾਜ਼ ਕੀਤਾ ਜਾ ਰਿਹਾ ਹੈ।

            ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਆਦਤ ਵਿੱਚੋਂ ਬਾਹਰ ਨਿਕਲਣ ਅਤੇ ਆਪਣੇ ਪੈਰ੍ਹਾਂ ਸਿਰ ਖੜ੍ਹੇ ਹੋ ਕੇ ਖੁਦ ਦਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਆਦਤ ਨਾਲ ਨੌਜਵਾਨ ਗਲਤ ਰਾਹ ਵੱਲ ਤੁਰ ਪੈਂਦੇ ਹਨ ਅਤੇ ਜਾਣੇ-ਅਣਜਾਣੇ ਨਸ਼ਿਆਂ ਦੇ ਨਾਲ-ਨਾਲ ਗੁਨਾਹ ਵੀ ਕਰਨ ਲੱਗ ਪੈਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਉਹ ਆਪਣੀ ਜ਼ਿੰਦਗੀ ਨੂੰ ਬਰਬਾਦੀ ਵੱਲ ਧਕੇਲ ਦਿੰਦੇ ਹਨ।

            ਉਨ੍ਹਾਂ ਕਿਹਾ ਕਿ ਜੇਕਰ ਪੱਕਾ ਮਨ ਬਣਾ ਲਿਆ ਜਾਵੇ ਤਾਂ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ ਹੈ ਅਤੇ ਇਸ ਵਿੱਚ ਸਰਕਾਰ ਨਸ਼ੇ ਦੇ ਆਦੀ ਵਿਅਕਤੀ ਦਾ ਪੂਰਾ ਸਹਿਯੋਗ ਕਰੇਗੀ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਨਸ਼ੇ ਨਾ ਕਰਨ ਤੇ ਨਸ਼ਿਆਂ ਦੇ ਖਾਤਮੇ ਵਿੱਚ ਆਪਣਾ ਸਹਿਯੋਗ ਦੇਣ ਦੀ ਸਹੁੰ ਵੀ ਚੁਕਾਵਾਈ ।

LEAVE A REPLY

Please enter your comment!
Please enter your name here