

ਮਾਨਸਾ, 07 ਦਸੰਬਰ (ਬਲਜੀਤ ਸ਼ਰਮਾ ) : ਭਾਰਤੀ ਸੈਨਾਵਾਂ ਵੱਲੋਂ ਭਾਰਤ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਜ਼ਿਲ੍ਹਾ ਸੈਨਿਕ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮਾਨਸਾ ਵਿਖੇ ਫੋਰਸਜ਼ ਫਲੈਗ ਡੇਅ (ਝੰਡਾ ਦਿਵਸ) ਮਨਾਇਆ ਗਿਆ। ਝੰਡਾ ਦਿਵਸ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਰਾਜੇਸ਼ ਤ੍ਰਿਪਾਠੀ ਦੇ ਝੰਡਾ ਬੈਜ ਲਗਾ ਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਛਪੀ ਰਣ ਯੋਧੇ ਕਿਤਾਬ ਨੂੰ ਰਿਲੀਜ਼ ਵੀ ਕੀਤਾ।
ਮਨਾਏ ਗਏ ਝੰਡਾ ਦਿਵਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਤ੍ਰਿਪਾਠੀ ਨੇ ਕਿਹਾ ਕਿ ਹਥਿਆਰਬੰਦ ਸੈਨਾਵਾਂ ਦੇ ਸ਼ਹੀਦਾਂ ਨੇ ਦੇਸ਼ ਲਈ ਆਪਣਾ ਆਪ ਵਾਰ ਦਿੱਤਾ, ਜਿਨ੍ਹਾਂ ਸਦਕੇ ਅਸੀਂ ਅੱਜ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਝੰਡਾ ਦਿਵਸ ਮੌਕੇ ਇੱਕਤਰ ਕੀਤੀ ਗਈ ਰਾਸ਼ੀ ਫੌਜ਼ ਦੇ ਭਲਾਈ ਕੰਮਾਂ ਵਿਚ ਖਰਚ ਕੀਤੀ ਜਾਵੇਗੀ।
ਅੱਜ ਦੇ ਇਸ ਝੰਡਾ ਦਿਵਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਸ਼੍ਰੀ ਗੁਰਜੋਤ ਸਿੰਘ, ਸ਼੍ਰੀ ਜਸਕਰਨ ਸਿੰਘ, ਸ਼੍ਰੀ ਬਲਜੀਤ ਸਿੰਘ, ਸ਼੍ਰੀ ਨੈਬ ਸਿੰਘ, ਜ਼ਿਲ੍ਹਾ ਇੰਚਾਰਜ ਜੀ.ਓ.ਜੀ. (ਗਾਰਡੀਅਨ ਆਫ਼ ਗਵਰਨੈਸ) ਸ਼੍ਰੀ ਬੀ.ਐਸ.ਕੂਨਰ ਅਤੇ ਕੈਪਟਨ ਅਜੀਤ ਸਿੰਘ ਮੌਜੂਦ ਸਨ।
EDITED BY : SARA YAHA | | Last Updated :7:14 PM 7 ਦਸੰਬਰ 2018
























