

ਮਾਨਸਾ 21 ਫਰਵਰੀ (ਬਪਸ): ਪਿਛਲੀ ਰਾਤ ਪਏ ਮੀਂਹ ਕਾਰਨ ਸ਼ਹਿਰ ਦੀਆ ਗਲੀਆਂ ਅਤੇ ਸਿਰਸਾ- ਮਾਨਸਾ ਮੇਨ ਸੜਕ ਤੇ ਬੱਸ ਸਟੈਂਡ ਤੋਂ ਲੈ ਕੇ ਚਿਲਿੰਗ ਸੈਂਟਰ ਤੱਕ ਚਿੱਕੜ ਤੇ ਪਾਣੀ ਹੀ ਨਜ਼ਰ ਆਉਦਾ ਹੈ। ਮੀਂਹ ਕਾਰਨ ਬੱਸ ਅੱਡੇ ਕੋਲ ਖੜੇ ਪਾਣੀ ਨੇ ਛੱਪੜ ਦਾ ਰੂਪ ਧਾਰਨ ਕੀਤਾ ਹੋਇਆਂ ਹੈ। ਸ਼ਹਿਰ ਚ ਸੀਵਰੇਜ ਸਿਸਟਮ ਸਹੀ ਨਾ ਹੋਣ ਕਾਰਨ ਤੇ ਨਿਕਾਸੀ ਨਾਲਿਅਾਂ ਦੀ ਸਫ਼ਾਈ ਨਾ ਹੋਣ ਕਾਰਨ ਸੜਕਾਂ ਤੇ ਗਲੀਆਂ ਚ ਖਿਲਰਿਆ ਪਾਣੀ ਨਗਰ ਪੰਚਾਇਤ ਅਤੇ ਪ੍ਰਸ਼ਾਸਨ ਦਾ ਮੂੰਹ ਚਿੜਾ ਰਿਹਾ ਹੈ। ਬੱਸ ਅੱਡੇ ਅਤੇ ਸੜਕਾਂ ਅੱਗੇ ਖੜ੍ਹੇ ਬਾਰਸ਼ ਦੇ ਪਾਣੀ ਕਰਕੇ ਰਾਹਗੀਰਾਂ ਅਤੇ ਖਰੀਦਦਾਰਾਂ ਨੂੰ ਦੁਕਾਨਾਂ ਅਤੇ ਬੱਸ ਸਟੈਂਡ ਚ ਆਉਣ-ਜਾਣ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਕਾਮਰੇਡ ਲਾਲ ਚੰਦ , ਕਾਮਰੇਡ ਆਤਮਾ ਰਾਮ ਅਤੇ ਪ੍ਰੋ: ਬਿੱਕਰਜੀਤ ਸਿੰਘ ਸਾਧੂਵਾਲਾ ਆਦਿ ਸਹਿਰ ਵਾਸੀਆਂ ਦਾ ਕਹਿਣਾ ਹੈ ਕਿ ਹਰ ਵਾਰ ਬਾਰਿਸ਼ ਤੋਂ ਬਾਅਦ ਸ਼ਹਿਰ ਦੀ ਇਹ ਸਥਿਤੀ ਹੋ ਜਾਂਦੀ ਹੈ। ਪਰ ਪ੍ਰਸ਼ਾਸਨ ਤੇ ਨਗਰ ਪੰਚਾਇਤ ਨੇ ਇਸ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕੇ ਜੇਕਰ ਇਸ ਥੋੜ੍ਹੀ ਜਿਹੀ ਬਾਰਿਸ਼ ਹੋਣ ਤੋਂ ਬਾਅਦ ਹੀ ਪਾਣੀ ਦੀ ਨਿਕਾਸੀ ਦਾ ਇਹ ਹਾਲ ਹੈ ਤਾਂ ਆਉਣ ਵਾਲੇ ਬਾਰਿਸ਼ ਦੇ ਮੌਸਮ ਵਿੱਚ ਕੀ ਹਾਲ ਹੋਵੇਗਾ। ਇਹ ਸਬੰਧਤ ਵਿਭਾਗ ਦੀ ਤਿਆਰੀ ਤੇ ਪ੍ਰਸ਼ਨ ਚਿੰਨ੍ਹ ਹੈ।ਸਿਰਸਾ ਮਾਨਸਾ ਸੜਕ ਦੇ ਇਨ੍ਹਾਂ ਮੰਦਾ ਹਾਲ ਹੈ ਕਿ ਚਿੱਕੜ ਦੁਕਾਨਦਾਰਾਂ ਤੇ ਅਾਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆਂ ਹੈ । ਸ਼ਹਿਰ ਵਾਸੀਆਂ ਦੀ ਨਗਰ ਪੰਚਾਇਤ ਅਤੇ ਪ੍ਰਸ਼ਾਸਨ ਤੋ ਮੰਗ ਹੈ ਕਿ ਬਾਰਸ਼ ਅਤੇ ਘਰਾਂ ਦੇ ਨਿਕਾਸੀ ਗੰਦੇ ਪਾਣੀ ਨਾਲ ਹੁੰਦੇ ਚਿੱਕੜ ਦਾ ਸਹੀ ਪ੍ਰਬੰਧ ਕਰਕੇ ਸੀਵਰੇਜ ਚ ਪਾਇਆ ਜਾਵੇ।























