*ਡੀ.ਐਸ.ਪੀ ਅਮਨਦੀਪ ਸੌਂਧੀ ਨੂੰ ਰਾਏਪੁਰ ਡੱਬਾ ਰੈਸਲਿੰਗ ਅਕੈਡਮੀ ਪਹੁੰਚਣ ‘ਤੇ ਕੀਤਾ ਸਨਮਾਨਤ*

0
6

ਫਗਵਾੜਾ 4 ਜੁਲਾਈ  (ਸਾਰਾ ਯਹਾਂ/ਸ਼ਿਵ ਕੌੜਾ) : ਪੰਜਾਬ ਪੁਲਿਸ ਵਿਭਾਗ ‘ਚ ਇੰਸਪੈਕਟਰ ਤੋਂ ਡੀ.ਐਸ.ਪੀ. ਪ੍ਰਮੋਟ ਹੋਏ ਪਹਿਲਵਾਨ ਅਮਨਦੀਪ ਸੌਂਧੀ ਨੂੰ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਵਿਖੇ ਪੁੱਜਣ ਤੇ ਸਮੂਹ ਕੋਚ ਅਤੇ ਪਹਿਲਵਾਨਾਂ ਵਲੋਂ ਗੁਰਜ ਅਤੇ ਸ਼ਾਲ ਨਾਲ ਸਨਮਾਨਤ ਕਰਦਿਆਂ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ। ਇਸ ਮੌਕੇ ਅਕੈਡਮੀ ਦੇ ਸੰਚਾਲਕ ਅਤੇ ਪਹਿਲਵਾਨ ਅਮਨਦੀਪ ਸੌਂਧੀ ਦੇ ਪਿਤਾ ਪੀ.ਆਰ. ਸੌਂਧੀ ਸਾਬਕਾ ਅੰਤਰ-ਰਾਸ਼ਟਰੀ ਕੁਸ਼ਤੀ ਕੋਚ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਹੋਣਹਾਰ ਪੁੱਤਰ ‘ਤੇ ਬੜਾ ਮਾਣ ਹੈ। ਜਿਸਨੇ ਨਾ ਸਿਰਫ ਕੁਸ਼ਤੀ ਵਿੱਚ ਬਲਕਿ ਪੁਲਿਸ ਵਿਭਾਗ ‘ਚ ਵੀ ਆਪਣੀਆਂ ਬਿਹਤਰੀਨ ਸੇਵਾਵਾਂ ਦਿੱਤੀਆਂ ਹਨ। ਜਿਸ ਦੀ ਬਦੌਲਤ ਉਸਨੂੰ ਡੀ.ਐਸ.ਪੀ. ਪ੍ਰਮੋਟ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬਤੌਰ ਪਹਿਲਵਾਨ ਅਮਨਦੀਪ ਸੌਂਧੀ ਨੇ 2007 ਦੀਆਂ ਕਾਮਨਵੈਲਥ ਖੇਡਾਂ ‘ਚ ਭਾਰਤ ਲਈ ਸਿਲਵਰ ਮੈਡਲ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਉਸਨੂੰ ਭਾਰਤ ਕੇਸਰੀ, ਭਾਰਤ ਕੁਮਾਰ, ਕਨੇਡਾ ਕੇਸਰੀ ਦੇ ਖਿਤਾਬ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਨਵਾਜਿਆ ਜਾ ਚੁੱਕਾ ਹੈ। ਪਹਿਲਵਾਨ ਅਮਨਦੀਪ ਸੌਂਧੀ ਨੇ 96 ਕਿਲੋਭਾਰ ਵਰਗ ਦੀ ਕੌਮੀ ਚੈਂਪੀਅਨਸ਼ਿਪ ਵੀ ਆਪਣੇ ਨਾਮ ਕੀਤੀ। ਉਸ ਵਲੋਂ ਖੇਡਾਂ ਵਿਚ ਕੀਤੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਸਾਲ 2001 ਵਿੱਚ ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ‘ਚ ਬਤੌਰ ਏ.ਐਸ.ਆਈ. ਭਰਤੀ ਕੀਤਾ ਸੀ। ਉਹਨਾਂ ਦੇ ਹੋਣਹਾਰ ਪੁੱਤਰ ਅਮਨਦੀਪ ਸੌਂਧੀ ਨੇ ਆਪਣੀ ਮਿਹਨਤ ਅਤੇ ਇਮਾਨਦਾਰੀ ਦੇ ਬੂਤੇ ‘ਤੇ ਅੱਜ ਡੀ.ਐਸ.ਪੀ. ਤੱਕ ਦਾ ਸਫਰ ਤੈਅ ਕੀਤਾ ਹੈ। ਉਹਨਾਂ ਅਮਨਦੀਪ ਸੌਂਧੀ ਨੂੰ ਡੀ.ਐਸ.ਪੀ. ਦੀ ਨਵੀਂ ਜਿੰਮੇਵਾਰੀ ਲਈ ਸ਼ੁੱਭ ਇੱਛਾਵਾਂ ਦਿੰਦਿਆਂ ਭਰੋਸਾ ਜਤਾਇਆ ਕਿ ਉਹ ਪੁਲਿਸ ਵਿਭਾਗ ਦੇ ਹੋਰ ਵੀ ਉੱਚੇ ਅਹੁਦਿਆਂ ਨੂੰ ਹਾਸਲ ਕਰੇਗਾ। ਡੀ.ਐਸ.ਪੀ. ਅਮਨਦੀਪ ਸੌਂਧੀ ਨੇ ਅਕੈਡਮੀ ਵਿਖੇ ਸਿਖਲਾਈ ਪ੍ਰਾਪਤ ਕਰ ਰਹੇ ਪਹਿਲਵਾਨਾਂ ਨਾਲ ਆਪਣੇ ਪੁਰਾਣੇ ਤਜੁਰਬੇ ਸਾਂਝੇ ਕੀਤੇ ਅਤੇ ਉਹਨਾਂ ਨੂੰ ਸਖ਼ਤ ਮਿਹਨਤ ਨਾਲ ਆਪਣਾ ਟੀਚਾ ਹਾਸਲ ਕਰਨ ਲਈ ਪ੍ਰੇਰਿਆ। ਇਸ ਮੌਕੇ ਉਹਨਾਂ ਨੇ ਆਪਣੀ ਤਰੱਕੀ ਦੀ ਖੁਸ਼ੀ ਵਿੱਚ ਲੱਡੂਆਂ ਨਾਲ ਪਹਿਲਵਾਨਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਕੇਲੇ ਵੀ ਵੰਡੇ। ਇਸ ਮੌਕੇ ਸੌਂਧੀ ਪਰਿਵਾਰ ਦੇ ਮੈਂਬਰਾਂ ‘ਚ ਰਵਿੰਦਰ ਕੌਰ, ਰੂਪ ਨੀਤ, ਗੁਨਤਾਸ, ਸੁਖਰਾਵ, ਸੁਰਿੰਦਰ ਕੌਰ ਤੋਂ ਇਲਾਵਾ ਅੰਤਰਰਾਸ਼ਟਰੀ ਕੁਸ਼ਤੀ ਕੋਚ ਰਵਿੰਦਰ ਨਾਥ, ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਰੀਤ ਪ੍ਰੀਤ ਪਾਲ ਸਿੰਘ ਆਦਿ ਹਾਜਰ ਸਨ 

LEAVE A REPLY

Please enter your comment!
Please enter your name here