

ਮਾਨਸਾ 31 ਅਕਤੂਬਰ (ਬਪਸ): ਬੱਸ ਅੱਡਾ ਸਰਦੂਲਗੜ੍ਹ ਦੇ ਸਾਹਮਣੇ ਤੇਜ ਰਫਤਾਰ ਅੈਚ.ਪੀ. ਗੈਸ ਦੇ ਟਰਾਲੇ ਨੇ ਇਕ ਵਿਆਕਤੀ ਦਰੜ ਦਿੱਤਾ ਜਿਸ ਦੀ ਮੌਕੇ ਤੇ ਮੌਤ ਹੋ ਗਈ ।ਜਾਣਕਾਰੀ ਅਨੁਸਾਰ ਇੰਦਰ ਸਿੰਘ ਪੁੱਤਰ ਅਨੋਖ ਸਿੰਘ (54) ਵਾਸੀ ਭਗਵਾਨਪੁਰ ਹੀਗਣਾ ਸਰਦੂਲਗੜ੍ਹ ਆਇਆ ਸੀ ਤਾਂ ਬੱਸ ਅੱਡੇ ਦੇ ਬਿਲਕੁਲ ਸਾਹਮਣੇ ਤੇਜ ਰਫਤਾਰ ਆ ਰਿਹਾ ਗੈਸ ਵਾਲਾ ਟਰਾਲਾ ਉਸ ਤੇ ਚੜ੍ਹ ਗਿਆ। ਜਿਸ ਕਾਰਨ ਉਹ ਬੁਰੀ ਤਰ੍ਹਾਂ ਟਰਾਲੇ ਹੇਠ ਦਰੜਿਆ ਗਿਆ ਜਿਸ ਦੀ ਮੌਕੇ ਤੇ ਮੌਤ ਹੋ ਗਈ। ਘਟਨਾ ਹੁੰਦਿਆਂ ਹੀ ਟਰਾਲਾ ਚਾਲਕ ਟਰਾਲੇ ਨੂੰ ਭਜਾਕੇ ਲੈ ਗਿਆ ਪਰ ਸਰਦੂਲਗੜ੍ਹ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕੁਝ ਦੂਰੀ ਤੇ ਹੀ ਟਰਾਲੇ (ਟਰੱਕ) ਨੰਬਰ ਅੈਚ.ਆਰ 63 ਸੀ 0919 ਨੂੰ ਡਰਾਇਵਰ ਸਮੇਤ ਕਾਬੂ ਕਰ ਲਿਆ। ਥਾਣਾ ਮੁਖੀ ਸਰਦੂਲਗੜ੍ਹ ਸੰਦੀਪ ਸਿੰਘ ਭਾਟੀ ਦਾ ਕਹਿਣਾ ਹੈ ਕਿ ਟਰੱਕ ਚਾਲਕ ਨੂੰ ਫੜ੍ਹ ਲਿਆ ਗਿਆ ਹੈ ਉਸ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਸਮੂਹ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਪ੍ਰਦੀਪ ਕੁਮਾਰ ਕਾਕਾ ਉਪਲ ਦਾ ਕਹਿਣਾ ਹੈ ਕਿ ਰਿਫਾਈਨਰੀ ਰਾਮਾ ਮੰਡੀ ਨੂੰ ਜਾਣ ਵਾਲੇ ਇਨ੍ਹਾਂ ਟਰਾਲੇ ਟਰੱਕਾਂ ਅਤੇ ਕੈਪਸੂਲਾਂ ਦਾ ਜੋ ਅਸਲ ਰੂਟ ਹੈ ਉਹ ਫਤਿਆਬਾਦ ਵਾਇਆ ਰਤੀਆ ਬੁਢਲਾਡਾ ਮਾਨਸਾ ਤਲਵੰਡੀ ਸਾਬੋ ਰਿਫਾਈਨਰੀ ਹੈ ਜਦਕਿ ਇਹ ਆਪਣੇ ਰੂਟ ਤੋਂ ਗਲਤ ਰੂਟ ਤੇ ਚੱਲ ਰਹੇ ਹਨ ਇਹ ਪਹਿਲਾਂ ਵਾਇਆ ਸਰਦੂਲਗੜ੍ਹ, ਰੋੜੀ ਸੂਰਤੀਆ ਹੋਕੇ ਤਲਵੰਡੀ ਸਾਬੋ ਰਿਫਇਨਰੀ ਰਾਮਾ ਮੰਡੀ ਜਾਂਦੇ ਸਨ ਪਰ ਰੋੜੀ ਵਿਖੇ ਇੱਕ ਨੌਜਵਾਨ ਦੀ ਇਸ ਟਰੱਕ ਥੱਲੇ ਆ ਕੇ ਮੌਤ ਹੋ ਗਈ ਸੀ। ਉਸ ਤੋਂ ਬਾਅਦ ਪਿੰਡ ਰੋੜੀ ਦੇ ਵਸਨੀਕਾਂ ਨੇ ਇਨ੍ਹਾਂ ਨੂੰ ਉਧਰ ਦੀ ਜਾਣਾ ਬੰਦ ਕਰ ਦਿੱਤਾ ਤਾਂ ਇਹਨਾਂ ਹੁਣ ਆਪਣਾ ਰੂਟ ਵਾਇਆ ਸਰਦੂਲਗੜ੍ਹ-ਝੁਨੀਰ ਮਾਨਸਾ ਕਰ ਦਿੱਤਾ ਹੈ ਜੋ ਕਿ ਸਹੀ ਨਹੀਂ ਹੈ ਉਨ੍ਹਾਂ ਅਤੇ ਸਮੂਹ ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਇਹਨਾਂ ਰਿਫਾਈਨਰੀ ਨੂੰ ਜਾਣ ਵਾਲੇ ਟਰੱਕ, ਟਰਾਲਿਆਂ ਅਤੇ ਕੈਪਸੂਲਾਂ ਦਾ ਜੋ ਸਹੀ ਰੂਟ ਹੈ ਉਸ ਰਸਤੇ ਹੀ ਜਾਣੇ ਚਾਹੀਦੇ ਹਨ ਤਾਂ ਕਿ ਅਜਿਹੀ ਕੋਈ ਹੋਰ ਦੁਰਘਟਨਾ ਨਾ ਵਾਪਰੇ। ਅੱਜ ਸਰਦੂਲਗੜ੍ਹ ਅਤੇ ਨੇੜਲੇ ਪਿੰਡਾਂ ਦੇ ਸਮੂਹ ਸਮਾਜ ਸੇਵੀਆਂ ਅਤੇ ਸਮਾਜਿਕ ਸੰਸਥਾਵਾਂ ਦੀ ਇੱਕ ਮੀਟਿੰਗ ਸਰਦੂਲਗੜ੍ਹ ਵਿਖੇ ਰੱਖੀ ਗਈ ਹੈ ਜਿਸ ਵਿੱਚ ਇਨ੍ਹਾਂ ਟਰਾਲਿਆਂ ਨੂੰ ਗਲਤ ਰੂਟ ਤੇ ਜਾਣ ਤੋਂ ਰੋਕੇ ਜਾਣ ਲਈ ਮੰਗ ਰੱਖੀ ਜਾਵੇਗੀ।























