

ਮਾਨਸਾ, 19 ਜੁਲਾਈ (ਸਾਰਾ ਯਹਾ,(ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਕੰਮਾਂ ਅਧੀਨ ਜ਼ਿਲ੍ਹਾ ਮਾਨਸਾ ‘ਚ ਪੰਜਾਬ ਦਾ ਪਹਿਲਾ ਮਨਰੇਗਾ ਤਹਿਤ ਬਣਾਇਆ ਗਿਆ ਗੁਰੂ ਨਾਨਕ ਪਵਿੱਤਰ ਜੰਗਲ ਪਿੰਡ ਖੋਖਰ ਕਲਾਂ ਵਿਖੇ ਬਣ ਕੇ ਤਿਆਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਪਿੰਡ ਖੋਖਰ ਕਲਾਂ ਵਿਖੇ ਬਣੀ ਸਰਕਾਰੀ ਗਊਸ਼ਾਲਾ ‘ਚ ਜਿੱਥੇ ਟਿੱਬੇ ਸਨ ਉਸ ਥਾਂ ‘ਤੇ 241 ਗਜ਼ ਦੇ ਲਗਭਗ ਰਕਬੇ ‘ਚ ਗੁਰੂ ਨਾਨਕ ਪਵਿੱਤਰ ਜੰਗਲ ਦੀ ਉਸਾਰੀ ਕੀਤੀ ਗਈ ਹੈ। ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਅਧੀਨ ਬਣਾਇਆ ਜਾਣ ਵਾਲਾ ਇਹ ਪੰਜਾਬ ਦਾ ਪਹਿਲਾ ਜੰਗਲ ਹੈ। ਉਨ੍ਹਾਂ ਦੱਸਿਆ ਕਿ 78,000 ਰੁਪਏ ਦੀ ਲਾਗਤ ਨਾਲ ਬਣੇ ਇਸ ਬਨਾਵਟੀ ਜੰਗਲ ‘ਚ 29 ਪ੍ਰਕਾਰ ਦੇ ਛਾਂ ਵਾਲੇ ਪੌਦੇ ਲਗਾਏ ਗਏ ਹਨ। ਜਿਨ੍ਹਾਂ ਪੌਦਿਆਂ ਨੂੰ ਲਗਾਉਣ ਸਬੰਧੀ ਤਕਨੀਕੀ ਸਹਾਇਤਾ ਗੈਰ ਸਰਕਾਰੀ ਸੰਸਥਾ ਈਕੋ-ਸਿੱਖ ਵੱਲੋਂ ਦਿੱਤੀ ਗਈ ਹੈ। ਹੁਣ ਤੱਕ 550 ਬੂਟੇ ਲਗਾਏ ਜਾ ਚੁੱਕੇ ਹਨ। ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਗੁਰੂ ਨਾਨਕ ਪਵਿੱਤਰ ਜੰਗਲ ਨੂੰ ਲਗਾਉਣ ਦਾ ਮੁੱਖ ਮਕਸਦ ਇੱਕ ਬਨਾਉਟੀ ਜੰਗਲ ਬਨਾਉਣਾ ਹੈ ਜਿੱਥੇ ਸਾਡੇ ਇਲਾਕੇ ‘ਚ ਪਾਏ ਜਾਣ ਵਾਲੇ ਪੇੜ੍ਹ–ਪੌਦੇ ਵਾਤਾਵਰਣ ਅਤੇ ਮਿੱਟੀ ਅਨੁਸਾਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਜੰਗਲ ਦੇ ਤਜਰਬੇ ਤੋਂ ਸੇਧ ਲੈਂਦਿਆ ਹੋਰ ਇਲਾਕਿਆਂ ‘ਚ ਵੀ ਇਸ ਤਰ੍ਹਾਂ ਦੇ ਜੰਗਲ ਬਣਾਏ ਜਾਣਗੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਫਿਲਕਨ, ਜਾਮਨ, ਰਜ਼ੈਨ, ਅਮਲਤਾਸ, ਨਿੰਮ ਆਦਿ ਬੂਟੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਜੰਗਲ ਨਾਲ ਇਲਾਕੇ ਦੀ ਜੈਵ-ਵਿਭਿੰਨਤਾ ਦੀ ਵੀ ਗੁਣਵੱਤਾ ਵਧੇਗੀ ਅਤੇ ਕਈ ਕੀਟ, ਪਤੰਗੇ, ਪੰਛੀਆਂ, ਜਾਨਵਰਾਂ ਨੂੰ ਨਵਾਂ ਘਰ ਮਿਲੇਗਾ। ਉਨ੍ਹਾਂ ਕਿਹਾ ਕਿ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹ ਹੰਬਲਾ ਮਾਰਨਾ ਚਾਹੀਦਾ ਹੈ ਅਤੇ ਪਿੰਡ ‘ਚ ਘੱਟੋ-ਘੱਟ ਇੱਕ ਥਾਂ ‘ਤੇ ਇਸ ਤਰ੍ਹਾਂ ਦਾ ਜੰਗਲ ਜ਼ਰੂਰ ਲਗਾਇਆ ਜਾਵੇ। ਇਸ ਕੰਮ ‘ਚ ਪੰਜਾਬ ਸਰਕਾਰ ਤੋਂ ਵੀ ਮਦਦ ਲਈ ਜਾ ਸਕਦੀ ਹੈ। ਮਨਰੇਗਾ ਕੋਆਰਡੀਨੇਟਰ ਜ਼ਿਲ੍ਹਾ ਮਾਨਸਾ ਸ੍ਰੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 241 ਗਜ਼ ਰਕਬੇ ਚੋਂ ਲਗਭਗ 190 ਗਜ਼ ‘ਚ ਪੌਦੇ ਲਗਾਏ ਗਏ ਹਨ ਅਤੇ ਬਾਕੀ ਦੇ ਰਕਬੇ ‘ਚ ਚੱਲਣ ਲਈ ਟਰੈਕ ਬਣਾਈ ਗਈ ਹੈ।























