*ਖੇਤ ਮਜ਼ਦੂਰ ਦੀ ਨਸ਼ਾ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦੇ ਮਾਮਲੇ ਨੇ ਤੂਲ ਫੜਿ੍ਹਆ*

0
59

ਮਾਨਸਾ, 28 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਮਾਨਸਾ ਨੇੜਲੇ ਪਿੰਡ ਨੰਗਲ ਕਲਾਂ ਦੇ ਖੇਤ ਮਜ਼ਦੂਰ ਦੀ ਨਸ਼ਾ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦੇ ਮਾਮਲੇ ਨੇ ਤੂਲ ਫੜ੍ਹ ਲਿਆ ਹੈ। ਹਾਲਾਂਕਿ ਕੋਟਧਰਮੂ ਪੁਲੀਸ ਚੌਂਕੀ ਨੇ ਮਿ੍ਰਤਕ ਦੀ ਮਾਤਾ ਦੇ ਬਿਆਨਾਂ ’ਤੇ ਉਨ੍ਹਾਂ ਦੇ ਗੁਆਂਢੀ ਪਰਿਵਾਰ ਦੇ ਖਿਲਾਫ਼ ਮਾਮਲਾ ਦਰਜ ਕਰਕੇ ਤਿੰਨ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ, ਪਰ ਪਿੰਡ ਨੰਗਲ ਕਲਾਂ ਦੀ ਪੰਚਾਇਤ ਨੇ ਪ੍ਰਸ਼ਾਸਨ ਅਤੇ ਪੁਲੀਸ ਨੂੰ ਚਿਤਾਵਨੀ ਦਿੱਤੀ ਹੈ ਕਿ ਨਸ਼ਾ ਤਸ਼ਕਰਾਂ ’ਤੇ ਇਹ ਕਾਰਵਾਈ ਕਾਫ਼ੀ ਨਹੀਂ। ਉਨ੍ਹਾਂ ਕਿਹਾ ਕਿ ਜੇਕਰ 30 ਮਾਰਚ ਤੱਕ ਨਸ਼ਾ ਤਸ਼ਕਰਾਂ ਦਾ ਘਰ ਨਾ ਢਹਾਇਆ ਗਿਆ ਤਾਂ ਉਸ ਤੋਂ ਬਾਅਦ ਉਹ ਅਤੇ ਪਿੰਡ ਵਾਸੀ ਤਸ਼ਕਰਾਂ ਦੇ ਘਰ ਨੂੰ ਢਹਿ-ਢੇਰੀ ਕਰਨਗੇ। ਬੇਸ਼ੱਕ ਉਨ੍ਹਾਂ ’ਤੇ ਕੋਈ ਵੀ ਕਾਰਵਾਈ ਕਿਉਂ ਨਾ ਹੋਵੇ।
ਖੇਤ ਮਜ਼ਦੂਰ ਅਮਰਪਾਲ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਘਰ ਵਿਖੇ ਹੀ ਸ਼ੁੱਕਰਵਾਰ ਦੀ ਸਵੇਰ ਮੌਤ ਹੋ ਗਈ ਸੀ। ਮਿ੍ਰਤਕ ਦੀ ਮਾਂ ਗੁਰਮੇਲ ਕੌਰ ਨੇ ਗੁਆਂਢੀ ਪਰਿਵਾਰ ’ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਵੱਲੋਂ ਨਸ਼ਾ ਦੇਣ ਕਰਕੇ ਹੀ ਉਨ੍ਹਾਂ ਦੇ ਲੜਕੇ ਦੀ ਮੌਤ ਹੋਈ ਹੈ। ਪੁਲੀਸ ਨੇ ਦੋ ਸਕੇ ਭਰਾਵਾਂ ਗੱਗੂ ਸਿੰਘ ਅਤੇ ਮੂੰਗੀ ਸਿੰਘ, ਉਨ੍ਹਾਂ ਦੀ ਮਾਤਾ ਅਮਰਜੀਤ ਕੌਰ,ਭੈਣ ਬਲਜਿੰਦਰ ਕੌਰ ਅਤੇ ਪਿਤਾ ਜਰਨੈਲ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰਕੇ ਮੂੰਗੀ ਸਿੰਘ,ਜਰਨੈਲ ਸਿੰਘ, ਬਲਜਿੰਦਰ ਕੌਰ ਨੂੰ ਗਿ੍ਰਫ਼ਤਾਰ ਕਰ ਲਿਆ ਸੀ। ਮਿ੍ਰਤਕ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
ਪਿੰਡ ਨੰਗਲ ਕਲਾਂ ਵਿਖੇ ਇਸ ਨੂੰ ਲੈਕੇ ਸਰਪੰਚ ਰੇਸ਼ਮ ਸਿੰਘ ਜਿੰਦਾ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਪੰਚ ਦਰਸ਼ਨ ਸਿੰਘ,ਜਗਸੀਰ ਸਿੰਘ,ਸੁਖਪਾਲ ਸਿੰਘ,ਪਾਲ ਸਿੰਘ,ਭੋਲਾ ਸਿੰਘ, ਸੁਖਪ੍ਰੀਤ ਕੌਰ ਅਤੇ ਗੁਰਦੇਵ ਕੌਰ ਵੱਲੋਂ ਪਿੰਡ ਇਕੱਠ ਬੁਲਾਇਆ ਗਿਆ। ਸਰਪੰਚ ਰੇਸ਼ਮ ਸਿੰਘ ਨੇ ਕਿਹਾ ਕਿ ਹੁਣ ਤੱਕ ਪਿੰਡ ਵਿੱਚ ਨਸ਼ੇ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਅਤੇ ਪ੍ਰਸ਼ਾਸਨ ਨੂੰ ਵਾਰ-ਵਾਰ ਸੂਚਨਾ ਦੇਣ ਦੇ ਬਾਵਜੂਦ ਪਿੰਡ ਵਿੱਚ ਕਰਿਆਨਾ ਵਾਂਗ ਨਸ਼ਾ ਵਿਕਦਾ ਹੈ। ਉਨ੍ਹਾਂ ਦੱਸਿਆ ਕਿ ਅਨੇਕਾਂ ਵਿਅਕਤੀਆਂ ਨੂੰ ਇਸ ਸਬੰਧੀ ਸਮਝਾਉਣ ਤੋਂ ਬਾਅਦ, ਉਹ ਨਸ਼ਾ ਵੇਚਣ ਤੋਂ ਵਾਜ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨਸ਼ਾ ਤਸ਼ਕਰਾਂ ਨੂੰ ਕੋਈ ਖੌਫ਼ ਨਹੀਂ ਹੈ ਅਤੇ ਨਸ਼ਾ ਤਸ਼ਕਰੀ ਕਰਕੇ ਦੋ-ਦੋ ਮੰਜਿਲੇ ਮਕਾਨ ਉਸਾਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਅਤੇ ਪ੍ਰਸ਼ਾਸਨ ਨਸ਼ਾ ਤਸ਼ਕਰਾਂ ਦਾ ਘਰ ਢਾਹੇ, ਇਸ ਲਈ ਉਹ 30 ਮਾਰਚ ਤੱਕ ਪੁਲੀਸ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦੇ ਹਨ ਅਤੇ ਇਸ ਤੋਂ ਬਾਅਦ ਪਿੰਡ ਆਪ ਤਸ਼ਕਰਾਂ ਦਾ ਘਰ ਢਾਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਸਿਰਫ਼ ਨਸ਼ੇ ਨੂੰ ਲੈਕੇ ਖਾਨਾਪੂਰਤੀ ਕਰਨ ਵਿੱਚ ਲੱਗੇ ਹੋਏ ਹਨ, ਜਦੋਂ ਕਿ ਜ਼ਮੀਨੀ ਤੌਰ ’ਤੇ ਕਿਸਦੇ ਖਿਲਾਫ਼ ਕੁੱਝ ਨਹੀਂ ਕੀਤਾ ਜਾ ਰਿਹਾ ਹੈ।
ਉਧਰ ਪੁਲੀਸ ਚੌਂਕੀ ਕੋਟਧਰਮੂ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਆਪਣੀ ਕਾਰਵਾਈ ਠੋਸ ਰੂਪ ਵਿੱਚ ਕਰ ਰਹੀ ਹੈ।
ਦੂਜੇ ਇਸ ਘਟਨਾ ਨੂੰ ਲੈਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੀ ਦੁੱਖ ਪ੍ਰਗਟਾ ਚੁਕੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਲੈਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਨਸ਼ਾ ਤਸ਼ਕਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here