

ਮਾਨਸਾ, 12 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਮਾਨਸਾ ਨੇੜਲੇ ਪਿੰਡ ਭੁਪਾਲ ਕਲਾਂ ਵਿਖੇ ਇੱਕ ਕਿਸਾਨ ਦੀ ਖੇਤ ਵਿੱਚ ਕੰਮ ਕਰਦੇ ਸਮੇਂ ਮੋਟਰ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਉਸਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਕਿਸਾਨ ਬਿੱਕਰ ਸਿੰਘ (55) ਵਾਸੀ ਪਿੰਡ ਭੁਪਾਲ ਕਲਾਂ ਸਵੇਰੇ ਸਮੇਂ ਖੇਤ ਵਿੱਚ ਕੰਮ ਕਰ ਰਿਹਾ ਸੀ ਕਿ ਉਸ ਨੂੰ ਅਚਾਨਕ ਮੋਟਰ ਤੋਂ ਕਰੰਟ ਲੱਗ ਗਿਆ ਅਤੇ ਉਹ ਜ਼ਮੀਨ ’ਤੇ ਡਿੱਗ ਪਿਆ। ਮਿ੍ਰਤਕ ਦੇ ਛੋਟੇ ਭਰਾ ਚਮਕੌਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਭਰਾ ਨੂੰ ਪੱਠਿਆਂ ਦੀ ਭਰੀ ਚੁਕਾਉਣ ਲਈ ਬੁਲਾਉਣ ਗਿਆ ਤਾਂ ਬਿੱਕਰ ਸਿੰਘ ਜ਼ਮੀਨ ’ਤੇ ਡਿੱਗਿਆ ਪਿਆ ਸੀ। ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ ਗਿਆ।
ਕਿਸਾਨ ਆਗੂ ਰਾਜ ਸਿੰਘ ਅਕਲੀਆ ਨੇ ਕਿਹਾ ਕਿ ਬਿੱਕਰ ਸਿੰਘ ਥੋੜੀ ਜ਼ਮੀਨ ਵਾਲਾ ਛੋਟਾ ਕਿਸਾਨ ਅਤੇ ਦੋ ਬੱਚਿਆਂ ਦਾ ਪਿਤਾ ਸੀ ਅਤੇ ਘਰ ਵਿੱਚ ਉਸਦੇ ਹੋਰ ਕਮਾਉਣ ਵਾਲਾ ਕੋਈ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਰਿਵਾਰ ਨੂੰ ਸਹਾਇਤਾ ਮੁਆਵਜ਼ਾ ਅਤੇ ਮਿ੍ਰਤਕ ਦੇ ਇੱਕ ਬੱਚੇ ਨੂੰ ਸਰਕਾਰੀ ਨੌਕਰੀ ਦੇਵੇ ਤਾਂ ਜੋ ਆਪਣਾ ਜਿੰਦਗੀ ਬਤੀਤ ਕਰ ਸਕਣ।























