

ਮਾਨਸਾ, 05 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) :ਖੇਤੀਬਾੜੀ ਵਿਭਾਗ ਮਾਨਸਾ ਦੇ ਅਧਿਕਾਰੀਆਂ ਅਤੇ ਸੈਂਟਰਲ ਇੰਟੀਗ੍ਰੇਟ ਪੈਸਟ ਮੈਨੇਜਮੈਂਟ ਸੈਂਟਰ, ਜਲੰਧਰ ਦੇ ਖੇਤੀਬਾੜੀ ਵਿਗਿਆਨੀਆਂ ਵੱਲੋਂ ਸਾਂਝੇ ਤੌਰ *ਤੇ ਜਿ਼ਲ੍ਹੇ ਦੇ ਪਿੰਡਾਂ ਖਿਆਲੀ ਚਹਿਲਾਂਵਾਲੀ, ਫਫੜੇ ਭਾਈਕੇ, ਦਾਤੇਵਾਸ, ਬੋਹਾ, ਮਲਕਪੁਰ ਭੀਮੜਾ, ਤਾਮਕੋਟ ਅਤੇ ਰੱਲਾ ਵਿਖੇ ਨਰਮੇ ਦੀ ਫਸਲ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ।
ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ, ਡਾ. ਹਰਪ੍ਰੀਤ ਪਾਲ ਕੌਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਦੀ ਰਿਪੋਰਟ ਮੁਤਾਬਿਕ ਮਾਨਸਾ ਜਿ਼ਲ੍ਹੇ ਵਿੱਚ ਹਰਾ ਤੇਲਾ, ਚਿੱਟਾ ਮੱਛਰ, ਗੁਲਾਬੀ ਸੁੰਡੀ ਅਤੇ ਭੂਰੀ ਜੂੰ ਕੀਟਾਂ ਦੀ ਸੰਖਿਆ ਆਰਥਿਕ ਕਗਾਰ ਤੋਂ ਘੱਟ ਹੈ। ਉਨ੍ਹਾਂ ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਦੇ ਸਰਵੇਖਣ ਲਈ ਲਗਾਏ ਗਏ ਫੋਰਮੇਨ ਟਰੈਪ ਦੀ ਚੈਕਿੰਗ ਦੌਰਾਨ ਪਤੰਗਿਆ ਦੀ ਗਿਣਤੀ ਨੋਟ ਕੀਤੀ ਤੇ ਮੌਜੂਦ ਕਿਸਾਨਾਂ ਨੂੰ ਇਸ ਦੀ ਗਿਣਤੀ ਕਰਨ ਦੀ ਵਿਧੀ ਅਤੇ ਢੰਗ ਬਾਰੇ ਜਾਣੂ ਕਰਵਾਇਆ ਗਿਆ।
ਉਨ੍ਹਾਂ ਚਿੱਟੇ ਮੱਛਰ ਦੇ ਈ.ਟੀ.ਐੱਲ, ਹਰਾ ਤੇਲਾ ਦੇ ਈ.ਟੀ.ਐੱਲ ਅਤੇ ਗੁਲਾਬੀ ਸੁੰਡੀ ਦੇ ਈ.ਟੀ.ਐੱਲ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ਾਂ ਮੁਤਾਬਿਕ ਨਰਮੇ ਦੀ ਫ਼ਸਲ ਉੱਪਰ ਸਪਰੇਅ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜੇਕਰ ਖੇਤ ਵਿੱਚ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਸਬੰਧਤ ਖੇਤੀਬਾੜੀ ਦਫ਼ਤਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।
ਸਰਵੇਖਣ ਦੌਰਾਨ ਡਾ. ਅੰਕਿਤ ਕੁਮਾਰ, ਸਹਾਇਕ ਪਲਾਂਟ ਪ੍ਰੋਟੈਕਸ਼ਨ ਅਫ਼ਸਰ ਨੇ ਕਿਸਾਨਾਂ ਨੂੰ ਆਪਣੇ ਖੇਤਾਂ ਦਾ ਸਰਵੇ ਲਗਾਤਾਰ ਕਰਨ ਅਤੇ ਇਹ ਸਰਵੇਖਣ ਸਵੇਰੇ 10 ਵਜੇ ਤੋਂ ਪਹਿਲਾਂ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਕੀਟਾਂ ਦੀ ਸਹੀ ਸੰਖਿਆ ਨੂੰ ਨੋਟ ਕੀਤਾ ਜਾ ਸਕੇ, ਜਿਸ ਦੇ ਆਧਾਰ *ਤੇ ਕੀਟ ਦੇ ਹਮਲੇ ਨੂੰ ਰੋਕਣ ਲਈ ਸਹੀ ਵਿਧੀ ਦੀ ਚੋਣ ਕੀਤੀ ਜਾ ਸਕੇ।
ਇਸ ਮੌਕੇ ਸ੍ਰੀ ਚੰਦਰਾ ਭੰਮ ਅਤੇ ਸ੍ਰੀ ਰਾਜਵੀਰ ਸਿੰਘ, ਸਾਇੰਟੀਫਿਕ ਅਸਿਸਟੈਂਟ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸੰਦੀਪ ਸਿੰਘ, ਬਲਜਿੰਦਰ ਸਿੰਘ ਅਤੇ ਕਮਲਪ੍ਰੀਤ ਸਿੰਘ ਹਾਜ਼ਰ ਸਨ।























