ਕ੍ਰਿਸ਼ਨਾ ਕਾਲਜ ਰੱਲੀ ਵਿਖੇ ਕਰਵਾਇਆ ਸਵੀਪ ਗਤੀਵਿਧੀ ਸਬੰਧੀ ਸੈਮੀਨਾਰ

0
4

ਮਾਨਸਾ, 02 ਮਈ (ਸਾਰਾ ਯਹਾ,(ਬਲਜੀਤ ਸ਼ਰਮਾ): ਲੋਕ ਸਭਾ ਚੋਣਾ-2019 ਦੇ ਮੱਦੇਨਜ਼ਰ ਸਵੀਪ ਗਤੀਵਿਧੀ ਤਹਿਤ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਦੀਆਂ ਹਦਾਇਤਾਂ ਅਨੁਸਾਰ ਕ੍ਰਿਸ਼ਨਾ ਗਰੁੱਪ ਆਫ਼ ਇੰਸਟੀਚਿਊਟ ਰੱਲੀ ਬੁਢਲਾਡਾ ਵਿਖੇ ਵਿਦਿਆਰਥੀਆਂ ਨੂੰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਸਵੀਪ ਸ਼੍ਰੀ ਦਿਨੇਸ਼ ਵਸ਼ਿਸ਼ਟ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਭਾਰਤ ਇੱਕ ਲੋਕਤਾਂਤਰਿਕ ਦੇਸ਼ ਹੈ, ਜਿੱਥੇ ਵੋਟ ਆਮ ਵਿਅਕਤੀ ਦੀ ਤਾਕਤ ਹੁੰਦੀ ਹੈ ਅਤੇ ਹਰੇਕ ਵੋਟਰ ਨੂੰ ਆਪਣੇ ਵੋਟ ਦੇ ਇਸ ਅਧਿਕਾਰ ਨੂੰ ਅਣਗੋਲਿਆ ਨਹੀਂ ਕਰਨਾ ਚਾਹੀਦਾ ਹੈ ਬਲਕਿ ਆਪਣੇ ਇਸ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਚੋਣ ਪ੍ਰਕ੍ਰਿਆ ਦਾ ਹਿੱਸਾ ਬਣਨ ਅਤੇ ਈ.ਵੀ.ਐਮ. ਅਤੇ ਵੀ.ਵੀ. ਪੈਟ ਮਸ਼ੀਨਾ ਤੋਂ ਖੁਦ ਜਾਣੂ ਹੋ ਕੇ ਹੋਰਨਾਂ ਨੂੰ ਵੀ ਜਾਗਰੂਕ ਕਰਵਾਉਣ। ਉਨ੍ਹਾਂ ਵੋਟਰਾਂ ਨੂੰ ਬਿਨ੍ਹਾਂ ਕਿਸੇ ਲਾਲਚ ਅਤੇ ਡਰ ਤੋਂ ਵੋਟ ਪਾਉਣ ਦਾ ਸੁਨੇਹਾ ਦਿੱਤਾ। ਸਮਾਗਮ ਦੌਰਾਨ ਦੱਸਿਆ ਗਿਆ ਕਿ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹਰੇਕ ਨੌਜਵਾਨ ਜਾਂ ਵਿਅਕਤੀ ਨੂੰ ਆਪਣੀ ਵੋਟ ਬਣਵਾਉਣੀ ਚਾਹੀਦੀ ਹੈ ਅਤੇ ਭਾਰਤ ਦੇਸ਼ ਦੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਤੇ ਵੀ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਤੁੰਰਤ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀ ਮੋਬਾਇਲ ਐਪ ਸੀ-ਵੀਜਿਲ ‘ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਜਾਂ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ਵਿਖੇ ਸਵੀਪ ਵੈਨ ਵੱਲੋਂ ਵੋਟਾਂ ਦੀ ਮਹੱਤਤਾ, ਨਵੀਂ ਵੋਟ ਬਣਵਾਉਣ ਤੋਂ ਇਲਾਵਾ ਚੋਣਾ ਸਬੰਧੀ ਹੋਰ ਤੱਥਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਸਵੀਪ ਪ੍ਰੋਗਰਾਮ ਤਹਿਤ ਲੋਕਾਂ ਨੂੰ ਵੋਟਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਦੇ ਮੰਤਵ ਨਾਲ 3 ਮਈ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਤੋਂ ਬਾਈਕ ਅਤੇ ਜੀਪ ਰੈਲੀ ਕੱਢੀ ਜਾਵੇਗੀ, ਜਿਸਨੂੰ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਅਪਨੀਤ ਰਿਆਤ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਇਹ ਰੈਲੀ ਬੱਸ ਸਟੈਂਡ, ਮੇਨ ਬਜ਼ਾਰ, ਰੇਲਵੇ ਅੰਡਰ ਬ੍ਰਿਜ ਤੋਂ ਹੁੰਦੀ ਹੋਈ ਗੁਰਦੁਆਰਾ ਚੌਂਕ ਵਿਖੇ ਸਮਾਪਤ ਹੋਵੇਗੀ।

LEAVE A REPLY

Please enter your comment!
Please enter your name here