

ਚੰਡੀਗੜ੍ਹ: ਅਵਾਰਾ ਪਸ਼ੂਆਂ ਦੇ ਆਤੰਕ ਖਿਲਾਫ ਮਾਨਸਾ ਵਿੱਚ ਸ਼ੁਰੂ ਹੋਇਆ ਸੰਘਰਸ਼ ਭਖਦਾ ਜਾ ਰਿਹਾ ਹੈ। ਇਸ ਨੂੰ ਹੁਣ ਤੱਕ ਕਈ ਸਮਾਜਿਕ, ਜਨਤਕ ਤੇ ਸਿਆਸੀ ਧਿਰਾਂ ਦੀ ਹਮਾਇਤ ਮਿਲ ਚੁੱਕੀ ਹੈ। ਇਹ ਮਸਲਾ ਸਰਕਾਰ ਲਈ ਵੀ ਮੁਤੀਬਤ ਖੜ੍ਹੀ ਕਰਦਾ ਦਿਖਾਈ ਦੇ ਰਿਹਾ ਹੈ।
ਦਰਅਸਲ ਸੰਘਰਸ਼ਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਵਾਰਾ ਪਸ਼ੂਆਂ ਦੇ ਕਹਿਰ ਨਾਲ ਮਰੇ ਨੌਜਵਾਨ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਵੱਡੀ ਮੰਗ ਰੱਖੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਨਸਾ ਆ ਕੇ ਆਵਾਰਾ ਪਸ਼ੂਆਂ ਦੇ ਖਾਤਮੇ ਦਾ ਭਰੋਸਾ ਦੇਣ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਸੰਘਰਸ਼ ਹੋਰ ਭਖੇਗਾ।
ਯਾਦ ਰਹੇ ਮਾਨਸਾ ਵਿੱਚ ਆਵਾਰਾ ਪਸ਼ੂਆਂ ਦੇ ਕਹਿਰ ਨਾਲ ਚਾਰ ਵਿਅਕਤੀਆਂ ਦੀ ਮੌਤ ਹੋਣ ਮਗਰੋਂ ਸੰਘਰਸ਼ ਸ਼ੁਰੂ ਹੋਇਆ ਸੀ। ਇਸ ਸੰਘਰਸ਼ ਨੇ ਲੰਘੇ ਦਿਨ ਉਸ ਵੇਲੇ ਨਵਾਂ ਰੂਪ ਧਾਰਨ ਕਰ ਲਿਆ, ਜਦੋਂ ਪਿੰਡ ਜਵਾਹਰਕੇ ਦਾ ਦਿਹਾੜੀ ਕਰਦਾ ਇੱਕ ਦਲਿਤ ਨੌਜਵਾਨ ਸੰਨੀ ਸਿੰਘ ਪੁੱਤਰ ਜੋਗਾ ਸਿੰਘ ਆਪਣੇ ਬੱਚਿਆਂ ਲਈ ਦੁੱਧ ਲੈ ਕੇ ਆਉਂਦਾ ਆਵਾਰਾ ਪਸ਼ੂਆਂ ਨਾਲ ਟਕਰਾ ਜਾਣ ਮਗਰੋਂ ਗੰਭੀਰ ਜ਼ਖ਼ਮੀ ਹੋ ਗਿਆ ਤੇ ਸ਼ਨੀਵਾਰ ਉਸ ਦੀ ਮੌਤ ਹੋ ਗਈ।
ਆਵਾਰਾ ਪਸ਼ੂ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਵੱਖ-ਵੱਖ ਧਿਰਾਂ ਨੇ ਨੌਜਵਾਨ ਦੀ ਲਾਸ਼ ਨੂੰ ਜਵਾਹਰਕੇ ਨਹਿਰ ਦੇ ਪੁਲ ਉਪਰ ਰੱਖ ਕੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰ ਦਿੱਤਾ। ਧਰਨਾਕਾਰੀਆਂ ਨੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਤੇ ਮੁੱਖ ਮੰਤਰੀ ਵੱਲੋਂ ਮਾਨਸਾ ਆ ਕੇ ਆਵਾਰਾ ਪਸ਼ੂਆਂ ਦੇ ਖਾਤਮੇ ਦਾ ਭਰੋਸਾ ਦੇਣ ਮਗਰੋਂ ਮ੍ਰਿਤਕ ਦੇਹ ਦਾ ਸਸਕਾਰ ਕਰਨ ਦਾ ਐਲਾਨ ਕੀਤਾ।























