*-ਕਿਸ਼ੋਰਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਚਲਾਇਆ ਜਾਵੇਗਾ ”ਜ਼ਿੰਦਗੀ ਜ਼ਿੰਦਾਬਾਦ ਪ੍ਰੋਜੈਕਟ”: ਡਿਪਟੀ ਕਮਿਸ਼ਨਰ*

0
24

ਮਾਨਸਾ, 26 ਦਸੰਬਰ   (ਸਾਰਾ ਯਹਾਂ/ਮੁੱਖ ਸੰਪਾਦਕ):   ਕਿਸ਼ੋਰ ਉਮਰ ਵਾਲਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇੱਛੁਕ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ‘ਜ਼ਿੰਦਗੀ ਜ਼ਿੰਦਾਬਾਦ’ ਨਾਮ ਹੇਠ ਵਿਸ਼ੇਸ਼ ਪ੍ਰੋਜੈਕਟ ਚਲਾਇਆ ਜਾਵੇਗਾ ਜਿਸ ਵਿਚ ਪੁਲਿਸ ਵਿਭਾਗ, ਸਿੱਖਿਆ ਵਿਭਾਗ, ਸਿਹਤ ਵਿਭਾਗ ਦਾ ਵੀ ਸਹਿਯੋਗ ਲਿਆ ਜਾਵੇਗਾ।

                ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ‘ਜ਼ਿੰਦਗੀ ਜ਼ਿੰਦਾਬਾਦ’ ਪ੍ਰੋਜੈਕਟ ਤਹਿਤ ਕਾਲਜਾਂ ਅਤੇ ਯੂਥ ਕਲੱਬਾਂ ਦੀ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ ਵੀ ਮੌਜੂਦ ਸਨ।

                ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਕਾਲਜਾਂ ਤੇ ਯੂਥ ਕਲੱਬਾਂ ਵਿਚੋਂ ਜ਼ਿੰਦਗੀ ਦੇ ਮਾਰਗਰਸ਼ਕਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਇਸ ਸਬੰਧੀ (15 ਵਿਦਿਆਰਥੀ ਪ੍ਰਤੀ ਕਾਲਜ ਅਤੇ 5 ਨੌਜਵਾਨ ਪ੍ਰਤੀ ਹਰੇਕ ਯੂਥ ਕਲੱਬ) ਉਨ੍ਹਾਂ ਨੌਜਵਾਨਾਂ ਦਾ ਵੇਰਵਾ ਭੇਜਣ ਲਈ ਕਿਹਾ ਜੋ ਕਿ ਚੰਗੇ ਪ੍ਰਭਾਵਸ਼ਾਲੀ ਬੁਲਾਰੇ ਹੋਣ ਅਤੇ ਕਿਸ਼ੋਰ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਸਕਣ।

                ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਲਈ ਕਾਲਜਾਂ ਵਿਚੋਂ 150 ਅਤੇ ਯੂਥ ਕਲੱਬਾਂ/ਸਮਾਜ ਸੇਵੀ ਸੰਸਥਾਵਾਂ ਤੋਂ 50 ਮੈਂਬਰ ਭਾਸ਼ਣ ਪ੍ਰਤੀਯੋਗਤਾ ਕਰਵਾ ਕੇ ਚੁਣੇ ਜਾਣਗੇ। ਚੁਣੇ ਗਏ 200 ਮੈਂਬਰਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੀ ਵਰਕਸ਼ਾਪ ਲਗਵਾ ਕੇ ਦੋਸਤਾਂ ਦੇ ਦਬਾਅ ਨੂੰ ਨਾ ਕਬੂਲ ਕਰਕੇ ਨਸ਼ੇ ਨੂੰ ਇਨਕਾਰ ਕਰਨ ਦੀ ਕਲਾ ਸਿਖਾਈ ਜਾਵੇਗੀ। ਇਹ ਸਿਖਲਾਈ ਪ੍ਰਾਪਤ ਨੌਜਵਾਨ ਜ਼ਿੰਦਗੀ ਦੇ ਮਾਰਗਦਰਸ਼ਕ ਅਖਵਾਉਣਗੇ ਅਤੇ ਅੱਗੇ ਸਕੂਲਾਂ ਤੇ ਕਾਲਜਾਂ ਵਿਚ ਬੱਚਿਆਂ ਨੂੰ ਨਸ਼ੇ ਨੂੰ ਨਾਂਹ ਕਰਨਾ ਸਿਖਾਉਣਗੇ।

                ਪ੍ਰੋਜੈਕਟ ਦੇ ਕੋਆਰਡੀਨੇਟਰ ਰੁਪਿੰਦਰਜੀਤ ਸਿੰਘ ਨੇ ਕਿਹਾ ਕਿ ਛੋਟੀ ਉਮਰ ਦੇ ਕਿਸ਼ੋਰ ਬੱਚਿਆਂ ਨੂੰ ਨਸ਼ੇ ਦੀ ਲਤ ਜ਼ਿਆਦਾਤਰ ਦੋਸਤਾਂ ਕੋਲੋਂ ਲੱਗਦੀ ਹੈ ਜਿੱਥੋਂ ਉਹ ਨਸ਼ੇ ਦੀ ਪਹਿਲੀ ਡੋਜ਼ ਲੈਂਦਾ ਹੈ। 83 ਫ਼ੀਸਦੀ ਨਸ਼ੇ ਦੀ ਲਤ ਦੋਸਤਾਂ ਦੇ ਦਬਾਅ ਹੇਠ ਲੱਗੀ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਦੋਸਤੀ ਦੇ ਪ੍ਰਭਾਵ ਹੇਠ ਅਕਸਰ ਹੀ ਹੋ ਜਾਂਦਾ ਹੈ ਪ੍ਰੰਤੂ ਇਸ ਅਵਸਥਾ ਵਿਚ ਹੀ ਜ਼ਰੂਰਤ ਹੈ ਕਿ ਬੱਚੇ ਨਸ਼ੇ ਨੂੰ ਨਾਂਹ ਕਰਨਾ ਸਿੱਖਣ। ਬੱਚਿਆਂ ਨੂੰ ਦੋਸਤਾਂ ਦੇ ਦਬਾਅ ਤੋਂ ਬਚਣ ਲਈ ਮਾਨਸਿਕ ਤੌਰ ‘ਤੇ ਤਿਆਰ ਕੀਤਾ ਜਾਵੇਗਾ। ਇਸ ਦੀ ਕਾਮਯਾਬੀ ਲਈ ਜ਼ਿਲ੍ਹਾ ਪ੍ਰਸ਼ਸਨ ਦੀ ਮਦਦ ਨਾਲ ਇਸ ਪ੍ਰੋਜੈਕਟ ਨੂੰ ਜਨਤਕ ਮੁਹਿੰਮ ਬਣਾਇਆ ਜਾਵੇਗਾ ਅਤੇ ਜ਼ਿੰਦਗੀ ਦੇ ਮਾਰਗਦਰਸ਼ਕ ਸਿਰਨਾਵੇਂ ਹੇਠ ਸਮਾਜ ਵਿਚੋਂ ਹੀ ਰਾਹ ਦਸੇਰਾ ਲੋਕਾਂ ਦੀ ਫੌਜ ਤਿਆਰ ਕੀਤੀ ਜਾਵੇਗੀ ਜੋ ਨਸ਼ੇ ਦੀ ਚੇਨ ਨੂੰ ਤੋੜਨ ਵਿਚ ਅਹਿਮ ਭੂਮਿਕਾ ਅਦਾ ਕਰੇਗੀ। ਇਸ ਪ੍ਰੋਗਰਾਮ ਨੂੰ ਜ਼ਿੰਦਗੀ ਜ਼ਿੰਦਾਬਾਦ ਦਾ ਨਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਾਪਿਆਂ ਨੂੰ ਵੀ ਬੱਚਿਆਂ ਦੀ ਪਰਵਰਿਸ਼ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਵੇਗਾ ਤਾਂ ਜੋ ਉਹ ਵੀ ਆਪਣੇ ਬੱਚਿਆਂ ਦੀ ਹਰ ਅਵਸਥਾ ਨੂੰ ਸਕਾਰਤਮਕ ਤਰੀਕੇ ਨਾਲ ਸਮਝ ਕੇ ਨਸ਼ਾ ਰਹਿਤ ਸਮਾਜ ਸਿਰਜਣ ਵਿਚ ਅਹਿਮ ਭੂਮਿਕਾ ਨਿਭਾਅ ਸਕਣ।

ਇਸ ਮੌਕੇ ਜ਼ਿਲ੍ਹੇ ਦੇ ਵੱਖ ਵੱਖ ਕਾਲਜਾਂ ਅਤੇ ਯੂਥ ਕਲੱਬਾਂ ਦੇ ਨੁਮਾਇੰਦੇ ਹਾਜ਼ਰ ਸਨ।

LEAVE A REPLY

Please enter your comment!
Please enter your name here