

ਮਾਨਸਾ 23 ਜੁਲਾਈ :(ਸਾਰਾ ਯਹਾਂ/ਜਗਤਾਰ ਸਿੰਘ ਧੰਜਲ) ਨਗਰ ਕੌਂਸਲ ਦੀ ਚੋਣ ਦੌਰਾਨ ਐਸ ਡੀ ਐਮ ਮਾਨਸਾ ਨਾਲ ਦੁਰਵਿਵਹਾਰ ਕਰਨ ਨੂੰ ਲੈ ਕੇ ਥਾਣਾ ਸਿਟੀ-2 ਦੀ ਪੁਲੀਸ ਨੇ ਕਾਂਗਰਸੀ ਕੌਂਸਲਰ ਨੇਮ ਚੰਦ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਦੂਜੇ ਪਾਸੇ ਕੌਂਸਲਰਾਂ ਨੇ ਨਗਰ ਕੌਂਸਲ ਦੀ ਚੋਣ ਵਿੱਚ ਧਾਂਦਲੀ ਹੋਣ ਦੇ ਦੋਸ਼ ਲਾਉਂਦਿਆਂ ਇਸਦੇ ਖਿਲਾਫ ਹਾਈਕੋਰਟ ਜਾਣ ਦਾ ਫੈਸਲਾ ਕੀਤਾ ਹੈ। ਜਿਕਰਯੋਗ ਹੈ ਕਿ ਲੰਘੇ ਮੰਗਲਵਾਰ ਬੱਚਤ ਭਵਨ ਮਾਨਸਾ ਵਿਖੇ ਚੋਣ ਪ੍ਰਬੰਧਕ ਲਾਏ ਐਸ ਡੀ ਐਮ ਕਾਲਾ ਰਾਮ ਕਾਂਸਲ ਦੀ ਦੇਖਰੇਖ ਹੇਠ ਨਗਰ ਕੌਂਸਲ ਦੀ ਚੋਣ ਹੋਈ। ਇਸ ਚੋਣ ਵਿਚ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਦੇ ਨਤੀਜਿਆਂ ਦੀ ਘੌਸ਼ਣਾ ਕੀਤੀ ਤਾਂ ਹਾਰੇ ਕੌਂਸਲਰ ਨੇ ਇਸਦੇ ਖਿਲਾਫ ਬਾਹਰ ਆ ਕੇ ਪ੍ਰਦਰਸ਼ਨ ਕੀਤਾ। ਐਸ ਡੀ ਐਮ ਕਾਲਾ ਰਾਮ ਕਾਂਸਲ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਚੋਣਾਂ ਦੇ ਦੌਰਾਨ ਜਦੋਂ ਨਤੀਜੇ ਦੀ ਘੋਸ਼ਣਾ ਕੀਤੀ ਗਈ ਤਾਂ ਇਸ ਵਿਚ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਨੇਮ ਚੰਦ ਦੀ ਹਾਰ ਹੋਈ, ਜਿਸ ਨੂੰ ਲੈ ਕੇ ਉਹ ਭੜਕ ਗਏ। ਕੌਂਸਲਰ ਨੇਮ ਚੰਦ ਨੇ ਉਨਾਂ ਨੂੰ ਬੁਰਾ ਭਲਾ ਬੋਲਿਆ ਅਤੇ ਧਮਕੀਆਂ ਵੀ ਦਿੱਤੀਆਂ। ਉਨਾਂ ਪੁਲੀਸ ਤੋਂ ਕਾਰਵਾਈ ਦੀ ਮੰਗ ਕੀਤੀ।
ਥਾਣਾ ਸਿਟੀ -2 ਦੀ ਪੁਲੀਸ ਨੇ ਐਸ ਡੀ ਐਮ ਕਾਲਾ ਰਾਮ ਕਾਂਸਲ ਦੀ ਸ਼ਿਕਾਇਤ ‘ਤੇ ਕਾਂਗਰਸੀ ਕੌਂਸਲਰ ਨੇਮ ਚੰਦ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਧਰ ਕੌਂਸਲਰ ਨੇਮ ਚੰਦ, ਪ੍ਰਵੀਨ ਟੋਨੀ ਨੇ ਇਸ ਚੋਣ ਦੇ ਖਿਲਾਫ, ਇਸ ਚ ਧਾਂਦਲੀ ਹੋਣ ਨੂੰ ਲੈ ਕੇ ਹਾਈਕੋਰਟ ਜਾਣ ਦਾ ਫੈਸਲਾ ਕੀਤਾ ਹੈ।ਉਨਾਂ ਕਿਹਾ ਕਿ ਇਹ ਚੋਣ ਸੰਵਿਧਾਨਕ ਢੰਗ ਨਾਲ ਨਹੀ ਹੋਈ। ਜਿਸਨੂੰ ਹਾਈਕੋਰਟ ਚ ਚੁਣੌਤੀ ਦਿੱਤੀ ਜਾਵੇਗੀ।























