

ਮਾਨਸਾ 02 ਜਨਵਰੀ (ਸਾਰਾ ਯਹਾਂ/ਜੋਨੀ ਜਿੰਦਲ): ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸ਼ਹਿਰੀ ਸਕੱਤਰ ਰਤਨ ਭੋਲਾ ਦੀ
ਅਗਵਾਈ ਹੇਠ ਨਵਾਂ ਸਾਲ ਅਤੇ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਪਾਰਟੀ ਦਾ ਝੰਡਾ
ਚੜਾ ਕੇ ਲੱਡੂ ਵੰਡੇ ਗਏ। ਇਸ ਸਮੇਂ ਹਾਜਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ ਸਾਥੀ
ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਆਰ.ਐਸ.ਐਸ. ਦੀ ਫਿਰਕੂ ਵੰਡ ਕਾਰਨ ਦੇਸ਼ ਦਾ ਆਰਥਿਕ, ਸਮਾਜਿਕ ਅਤੇ
ਰਾਜਨੀਤਿਕ ਢਾਂਚਾ ਕਮਜੋਰ ਹੋਇਆ ਹੈ ਅਤੇ ਹਰ ਵਰਗ ਦੇ ਲੋਕਾਂ ਵਿੱਚ ਨਿਰਾਸ਼ਾ ਦਾ ਦੌਰ ਚੱਲ ਰਿਹਾ ਹੈ ਕਿਉਂਕਿ
ਪਿਛਲੇ ਸਮੇਂ ਵਿੱਚ ਮੋਦੀ ਸਰਕਾਰ ਵੱਲੋਂ ਲੋਕ ਵਿਰੋਧੀ ਫੈਸਲੇ ਲੈਂਦਿਆਂ ਕਾਲੇ ਕਾਨੂੰਨਾਂ ਨੂੰ ਲਿਆ ਕੇ ਹਰ ਵਰਗ ਦੇ ਲੋਕਾਂ
ਨੂੰ ਸੜਕਾਂ ਤੇ ਉਤਰ ਕੇ ਸੰਘਰਸ਼ ਲਈ ਮਜਬੂਰ ਕੀਤਾ ਗਿਆ ਜਿਸ ਕਾਰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ,
ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ, ਮਜਦੂਰ ਵਿਰੋਧ ਕਿਰਤ ਕਾਨੂੰਨ ਸਮੇਤ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ
ਕੀਤੇ ਗਏ ਵੱਡੇ ਅੰਦੋਲਨ ਸਾਬਤ ਕੀਤਾ ਹੈ ਕਿ ਦੇਸ਼ ਵਿੱਚ ਫਿਰਕੂ ਵੰਡ ਪਾ ਕੇ ਦੇਸ਼ ਦੇ ਲੋਕਾਂ ਨੂੰ ਆਰ.ਐਸ.ਐਸ. ਅਤੇ
ਭਾਜਪਾ ਆਰਥਿਕ ਅਤੇ ਸਮਾਜਿਕ ਤੌਰ ਤੇ ਕਮਜੋਰ ਕਰਨਾ ਚਾਹੁੰਦੀ ਹੈ, ਲੇਕਿਨ ਦੇਸ਼ ਦੇ ਹਰ ਤਬਕੇ ਦੇ ਲੋਕਾਂ ਨੇ
ਏਕਤਾ ਅਤੇ ਸੰਘਰਸ਼ ਦਾ ਰਸਤਾ ਅਖਤਿਆਰ ਕਰਕੇ ਸਾਬਤ ਕੀਤਾ ਹੈ ਕਿ ਲੜਾਈ ਜਮਾਤੀ ਹੈ। ਸਾਥੀ ਚੌਹਾਨ ਨੇ
ਚਿਤਾਵਨੀ ਦਿੰਦਿਆਂ ਕਿਹਾ ਕਿ ਪਾਰਟੀ ਵੱਲੋਂ ਲੜੇ ਗਏ ਘੋਲ ਲੋਕ ਹਿੱਤ ਸਾਬਤ ਹੋਏ ਹਨ, ਲੇਕਿਨ ਵਧ ਰਹੀ
ਮਹਿੰਗਾਈ, ਭ੍ਰਿਸ਼ਟਾਚਾਰ, ਨਸ਼ਾਖੋਰੀ, ਬੇਰੁਜਗਾਰੀ ਦੇਸ਼ ਨੂੰ ਹੋਰ ਕਮਜੋਰ ਕਰ ਰਹੇ ਹਨ। ਜਿਸ ਦੇ ਖਿਲਾਫ ਵੱਡਾ ਜਨ
ਅੰਦੋਲਨ ਸਮੇਂ ਦੀ ਮੁੱਖ ਲੋੜ ਹੈ। ਇਸਤਰੀ ਸਭਾ ਦੇ ਅਰਵਿੰਦਰ ਕੌਰ, ਨੌਜਵਾਨ ਸਭਾ ਦੇ ਹਰਪ੍ਰੀਤ ਸਿੰਘ, ਟਰੇਡ
ਯੂਨੀਅਨ ਆਗੂ ਨਿਰਮਲ ਸਿੰਘ ਮਾਨਸਾ ਅਤੇ ਸੁਖਦੇਵ ਮਾਨਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ
ਸੋਧ ਦੇ ਨਾਮ ਤੇ ਮਜਦੂਰ ਵਿਰੋਧੀ ਪਾਸ ਕੀਤੇ ਕਿਰਤ ਕਾਨੂੰਨ ਨੂੰ ਵਾਪਸ ਲਿਆ ਜਾਵੇ ਕਿਉਂਕਿ ਇਹ ਕਾਨੂੰਨ ਕੇਵਲ
ਸਰਮਾਏਦਾਰ ਪੱਖੀ ਅਤੇ ਆਮ ਲੋਕ ਵਿਰੋਧੀ ਹੈ। ਉਹਨਾਂ ਮੰਗ ਕੀਤੀ ਕਿ ਨੌਜਵਾਨਾਂ ਲਈ ਰੁਜਗਾਰ ਦੇ ਵਸੀਲੇ ਪੈਦਾ
ਕਰਨ ਲਈ ਕੌਮੀ ਰੁਜਗਾਰ ਗਰੰਟੀ ਕਾਨੂੰਨ ਪਾਸ ਕੀਤਾ ਜਾਵੇ ਅਤੇ ਸਿੱਖਿਆ ਸਿਹਤ ਮੁਫਤ ਅਤੇ ਲਾਜਮੀ ਦੇਣੀ
ਯਕੀਨੀ ਬਣਾਈ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਾਜਵਿੰਦਰ ਸਿੰਘ, ਮਨਪ੍ਰੀਤ ਸਿੰਘ, ਵਿਸ਼ਾਲ, ਲੋਕਪ੍ਰੀਤ ਸੋਨੂੰ,
ਸਾਬਕਾ ਕੌਂਸਲਰ ਕਿਰਨਾ ਰਾਣੀ, ਸੁਰਮਨਦੀਪ ਮਾਨਸਾ, ਖੇਤ ਮਜਦੂਰ ਸਭਾ ਦੇ ਬਲਵੰਤ ਭੈਣੀਬਾਘਾ, ਗੁਰਪ੍ਰੀਤ ਕੋਟ
ਲੱਲੂ, ਧਰਮਵੀਰ, ਵੀਰੂ ਸਿੰਘ ਨੰਗਲ, ਹਰਮਨਪ੍ਰੀਤ ਚੌਹਾਨ ਆਦਿ ਆਗੂਆਂ ਨੇ ਸੰਬੋਧਨ ਕੀਤਾ।























