ਆਮ ਆਦਮੀ ਪਾਰਟੀ ਨੇ ਮੰਗਿਆ ਹਰਸਿਮਰਤ ਬਾਦਲ ਦਾ ਅਸਤੀਫਾ

0
51

ਚੰਡੀਗੜ੍ਹ (ਸਾਰਾ ਯਹਾ) : ਆਮ ਆਦਮੀ ਪਾਰਟੀ ਨੇ ਪੈਟਰੋਲ-ਡੀਜ਼ਲ ਦੀਆਂ ਰਿਕਾਰਡ ਪੱਧਰ ‘ਤੇ ਪਹੁੰਚੀਆਂ ਕੀਮਤਾਂ ਦਾ ਤਿੱਖਾ ਵਿਰੋਧ ਕੀਤਾ ਹੈ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਾਹਨਤਾਂ ਪਾਈਆਂ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਅਸਤੀਫ਼ਾ ਮੰਗਿਆ ਹੈ।

‘ਆਪ’ ਵਿਧਾਇਕ ਤੇ ਬੁਲਾਰੇ ਪ੍ਰੋ. ਬਲਜਿੰਦਰ ਕੌਰ ਤੇ ਮੀਤ ਹੇਅਰ ਨੇ ਕਿਹਾ ਕਿ ਮਹਿੰਗਾਈ ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਖ਼ਿਲਾਫ਼ ਵੱਡੇ-ਵੱਡੇ ਵਾਅਦੇ ਕਰਕੇ ਕੇਂਦਰ ‘ਚ ਸਰਕਾਰ ਬਣਾਉਣ ਵਾਲੇ ਅਕਾਲੀ-ਭਾਜਪਾ ਗੱਠਜੋੜ ਨੇ ਪੰਜਾਬ ਸਮੇਤ ਪੂਰੇ ਦੇਸ਼ ਦੇ ਲੋਕਾਂ ਨੂੰ ਚੋਣਾਂ ਮੌਕੇ ਰੱਜ ਕੇ ਬੇਵਕੂਫ਼ ਬਣਾਇਆ ਤੇ ਸੱਤਾ ‘ਚ ਆਉਂਦਿਆਂ ਹੀ ਹਰ ਵਰਗ ਦੇ ਪਿੱਠ ‘ਚ ਛੁਰੇ ਮਾਰੇ।

‘ਆਪ’ ਵਿਧਾਇਕਾਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ 4 ਸਾਲਾਂ ਦੌਰਾਨ ਇੱਕ ਵੀ ਚੋਣ ਵਾਅਦਾ ਨਹੀਂ ਨਿਭਾਇਆ। ਆਮ ਆਦਮੀ ਦੀ ਕੀਮਤ ‘ਤੇ ਅੰਬਾਨੀ-ਅਦਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੇ ਹੱਦੋਂ ਵੱਧ ਹਿਤ ਪਾਲੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ‘ਚ ਵਾਧੇ ਲਈ ਮੋਦੀ ਦੇ ਨਾਲ-ਨਾਲ ਹਰਸਿਮਰਤ ਬਾਦਲ ਵੀ ਕੇਂਦਰੀ ਮੰਤਰੀ ਵਜੋਂ ਬਰਾਬਰ ਦੀ ਜ਼ਿੰਮੇਵਾਰ ਹੈ। ਇਸ ਕਾਰਨ ਹੀ ਅਕਾਲੀ ਦਲ ਬਾਦਲ ਲਗਾਤਾਰ ਵਧਦੀਆਂ ਆ ਰਹੀਆਂ ਡੀਜ਼ਲ-ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਰੁੱਧ ਮੂੰਹ ਨਹੀਂ ਖੋਲਦਾ।

‘ਆਪ’ ਵਿਧਾਇਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਚ ‘ਪੰਜਾਬ ਜੋੜੋ’ ਰੈਲੀਆਂ ‘ਚ ਲੋਕਾਂ ਨੂੰ ਤੇਲ ਦੀਆਂ ਰਿਕਾਰਡ ਤੋੜ ਕੀਮਤਾਂ ਅਤੇ ਮਹਿੰਗਾਈ ਵਿਰੁੱਧ ਲਾਮਬੰਦ ਕਰੇਗੀ। ਪਹਿਲੇ ਦੌਰ ਦੀਆਂ ਰੈਲੀਆਂ ਉਪਰੰਤ ਪੰਜਾਬ ‘ਚ ਮੋਦੀ ਸਰਕਾਰ ਵਿਰੁੱਧ ਵੱਡੇ-ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਆਪ ਵਿਧਾਇਕਾਂ ਨੇ ਕੈਪਟਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੈਟਰੋਲੀਅਮ ਪਦਾਰਥਾਂ ‘ਤੇ ਸੂਬਾ ਸਰਕਾਰ ਵੱਲੋਂ ਵਸੂਲੇ ਜਾ ਰਹੇ ਆਪਣੇ ਹਿੱਸੇ ਦੇ ਟੈਕਸਾਂ ਨੂੰ ਘਟਾ ਕੇ ਆਮ ਜਨਤਾ ਨੂੰ ਕੁੱਝ ਨਾ ਕੁਝ ਰਾਹਤ ਜ਼ਰੂਰ ਦੇਵੇ।


EDITED BY : SARA YAHA | | Last Updated : 7:35  pm 6 September  2018

LEAVE A REPLY

Please enter your comment!
Please enter your name here