

ਚੰਡੀਗੜ੍ਹ (ਸਾਰਾ ਯਹਾ): ਆਪ ਦੇ ਅੰਦਰੂਨੀ ਕਲੇਸ਼ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਕਮਰਕੱਸੇ ਕਰ ਲਏ ਹਨ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਜਿਹੜੀਆਂ ‘ਪੋਲ ਖੋਲ੍ਹ’ ਰੈਲੀਆਂ ਦੀ ਮੁਹਿੰਮ ਸ਼ੁਰੂ ਕੀਤੀ ਸੀ, ਉਨ੍ਹਾਂ ਨੂੰ ਮੁੜ ਨਵੇਂ ਸਿਰਿਓਂ ਚਲਾਇਆ ਜਾਏਗਾ। ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਵੱਖ-ਵੱਖ ਖੇਤਰਾਂ ’ਚ ਜਾ ਕੇ ਪੋਲ ਖੋਲ੍ਹ ਰੈਲੀਆਂ ਕਰਨਗੇ। ਪਹਿਲਾਂ ਸੁਖਬੀਰ ਬਾਦਲ ਨੇ ਪੋਲ ਖੋਲ੍ਹ ਰੈਲੀਆਂ ਬੰਦ ਕਰ ਦਿੱਤੀਆਂ ਸੀ।
ਇਸੇ ਸਰਗਰਮੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਰੂਪਨਗਰ ਵਿੱਚ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਆਗਾਮੀ ਪੰਚਾਇਤ ਤੇ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਵਰਕਰਾਂ ਨੂੰ ਕਮਰ ਕੱਸਣ ਤੇ ਬੂਥ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਲਈ ਕਿਹਾ ਗਿਆ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਤੋਂ ਇਲਾਵਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਦਲ ਦੇ ਕੁਆਰਡੀਨੇਟਰ ਪਵਨ ਕੁਮਾਰ ਟੀਨੂ, ਚੌਧਰੀ ਨੰਦ ਲਾਲ, ਰਵਿੰਦਰ ਸਿੰਘ ਬ੍ਰਹਮਪੁਰਾ ਤੇ ਕੁਲਦੀਪ ਕੌਰ ਕੰਗ ਹਾਜ਼ਰ ਸਨ।
ਡਾ. ਚੀਮਾ ਨੇ ਕਿਹਾ ਕਿ ਪਾਰਟੀ ਨੇ 4 ਵੱਡੀਆਂ ਰੈਲੀਆਂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿੱਚੋਂ ਇੱਕ ਰੈਲੀ 20 ਅਗਸਤ ਨੂੰ ਪਾਰਟੀ ਦੇ ਸਾਬਕਾ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਯਾਦ ’ਚ ਪਿੰਡ ਲੌਂਗੋਵਾਲ ਵਿੱਚ ਕਰਾਈ ਜਾਏਗੀ। ਇਸ ਦੇ ਇਲਾਵਾ ਸਾਲਾਨਾ ਕਰਨੈਲ ਸਿੰਘ ਈਸੜੂ ਦਾ ਯਾਦ ਵਿੱਚ ਪਿੰਡ ਈਸੜੂ ’ਚ, ਰੱਖੜੀ ਵਾਲੇ ਦਿਨ ਬਾਬਾ ਬਕਾਲਾ ਵਿੱਚ ਤੇ ਛਪਾਰ ਦੇ ਮੇਲੇ ਵਿੱਚ ਕੀਤੀਆਂ ਜਾਣ ਵਾਲੀਆਂ ਰੈਲੀਆਂ ਵੀ ਜ਼ੋਰ ਸ਼ੋਰ ਨਾਲ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਰੈਲੀਆਂ ਵਿੱਚ ਮੌਜੂਦਾ ਪੰਜਾਬ ਸਰਕਾਰ ਦੀਆਂ ਕਾਰਗੁਜ਼ਾਰੀਆਂ ਬਾਰੇ ਲੋਕਾਂ ਨੂੰ ਦੱਸਿਆ ਜਾਏਗਾ। ਇਸ ਦੇ ਨਾਲ ਹੀ ਰੈਲੀਆਂ ਵਿੱਚ ਪਾਰਟੀ ਦੇ ਪ੍ਰੋਗਰਾਮ ਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ।
EDITED BY : SARA YAHA | | Last Updated :6:30 pm 5 August 2018























