

ਬੁਢਲਾਡਾ 1 ਅਪ੍ਰੈਲ (ਸਾਰਾ ਯਹਾਂ/ਮੇਹਤਾ ਅਮਨ) ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿਰੋਧ ਵਿੱਚ ਸੈਂਕੜੇ ਆਂਗਣਵਾੜੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜੀਆਂ ਅਤੇ ਦੋਸ਼ ਲਾਇਆ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਆਂਗਣਵਾੜੀ ਮੁਲਾਜ਼ਮਾਂ ਨੇ ਸਰਕਾਰ ਵਿWੱਧ ਰੋਹ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਸੂਬਾ ਆਗੂ ਤੇ ਜ਼ਿਲ੍ਹਾ ਮਾਨਸਾ ਦੀ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਕਿਹਾ ਕਿ ਇਹ ਬਜਟ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਵਾਲਾ ਅਤੇ ਲੋਕ ਸਮੱਸਿਆਵਾਂ ਨੂੰ ਦਰਕਿਨਾਰ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਆਂਗਣਵਾੜੀ ਮੁਲਾਜ਼ਮਾਂ ਦੇ ਕੰਮ ਘੰਟੇ ਸਿਰਫ ਚਾਰ ਘੰਟੇ ਦੱਸਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਆਂਗਣਵਾੜੀ ਮੁਲਾਜ਼ਮਾਂ ਤੇ ਵਾਧੂ ਕੰਮ ਦਾ ਵੱਧ ਸਮੇਂ ਦਾ ਬੌਝ ਹੈ। ਮਾਣਭੱਤਾ ਨਿਗੂਣਾ ਦਿੱਤਾ ਜਾ ਰਿਹਾ ਹੈ। ਆਂਗਣਵਾੜੀ ਮੁਲਾਜ਼ਮ ਆਗੂ ਨੇ ਕਿਹਾ ਕਿ ਹੁਣ ਉਹ ਸਿਰਫ਼ ਚਾਰ ਘੰਟੇ ਹੀ ਡਿਊਟੀ ਕਰਨਗੀਆਂ। ਉਨ੍ਹਾਂ ਕਿਹਾ ਕਿ ਸਾਰੀਆਂ ਬਾਲਗ ਔਰਤਾਂ ਨੂੰ ਇੱਕ ਹਜ਼ਾਰ ਨਗਦ ਮਾਲੀ ਮੱਦਦ ਦੀ ਗਰੰਟੀ ਦੇਣ ਤੋਂ ਵੀ ਇਸ ਬਜਟ ਵਿੱਚ ਪਾਸਾ ਵੱਟਿਆ ਗਿਆ ਹੈ। ਸਰਕਾਰੀ ਵਿਭਾਗਾਂ ਨਿਗਮਾਂ ਅਤੇ ਬੋਰਡਾਂ ਵਿੱਚ ਕੰਮ ਕਰਦੇ ਲੱਖਾਂ ਕੱਚੇ ਮੁਲਾਜ਼ਮਾਂ ਨੂੰ ਸਥਾਈ ਕਰਨ ਦੀ ਆਲਾਟ ਕਰਨ ਵਾਲੀਆਂ ਰਕਮਾਂ ਵਿੱਚ ਕੋਈ ਵਾਧੂ ਵਿਵਸਥਾ ਨਹੀਂ ਕੀਤੀ ਗਈ। ਸੀਟੂ ਆਗੂ ਨੇ ਕਿਹਾ ਕਿ ਆਂਗਣਵਾੜੀ, ਆਸ਼ਾ, ਮਿੱਡ ਡੇ ਮੀਲ ਵਰਕਰਾਂ ਦੀਆਂ ਉਜ਼ਰਤਾਂ ਦੁੱਗਣੀਆਂ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਲਈ ਕੋਈ ਰਾਸ਼ੀ ਅਲਾਟ ਨਹੀਂ ਕੀਤੀ ਗਈ। ਸਾਢੇ ਛੇ ਲੱਖ ਕੰਮ ਕਰਦੇ ਅਤੇ ਰਿਟਾਇਰ ਮੁਲਾਜ਼ਮਾਂ ਨੂੰ ਰਾਹਤ ਦੇਣ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਸਮੁੱਚਾ ਬਕਾਇਆ ਮਹਿੰਗਾਈ ਭੱਤਾ ਦੇਣ ਸਬੰਧੀ ਲੋੜੀਂਦੀ ਰਕਮ ਦੀ ਵਿਵਸਥਾ ਨਹੀਂ ਕੀਤੀ ਗਈ। ਖਾਲੀ ਪਈਆ ਆਸਾਮੀਆਂ ਨੂੰ ਪੁਰ ਕਰਨ ਲਈ ਬਜਟ ਦਾ ਕੋਈ ਜ਼ਿੱਕਰ ਨਹੀਂ। ਪੇਂਡੂ ਵਿਕਾਸ ਲਈ ਪੂਰੀ ਤਰ੍ਹਾਂ ਦੀ ਲਾਪਰਵਾਹੀ ਦਾ ਪ੍ਰਗਟਾਵਾ ਬਜਟ ਵਿੱਚ ਕੀਤਾ ਹੈ। ਕੈਂਸਰ ਪੀੜ੍ਹਤ ਏਰੀਏ ਦੇ ਲੋਕਾਂ ਦੀ ਅਣਦੇਖੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ਿਆਂ ਪ੍ਰਤੀ ਵੀ ਬਜਟ ਵਿੱਚ ਚੁੱਪ ਵੱਟਕੇ ਰੱਖੀ ਹੈ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜਥੇਬੰਦੀ ਆਉਂਦੇ ਦਿਨਾਂ ਵਿੱਚ ਪੰਜਾਬ ਸਰਕਾਰ ਵਿWੱਧ ਤਿੱਖੇ ਸੰਘਰਸ਼ਾਂ ਦੀ ਰੂਪ ਰੇਖਾ ਤਿਆਰ ਕਰੇਗੀ। ਇਸ ਮੌਕੇ ਤੇ ਅੱਜ ਦੇ ਧਰਨੇ ਨੂੰ ਜਥੇਬੰਦੀ ਦੀਆਂ ਆਗੂਆਂ ਤੇਜਿੰਦਰ ਕੌਰ ਵਾਲੀਆ, ਸੁਮਨ ਲਤਾ, ਸੁਖਪਾਲ ਕੌਰ, ਮਨਜੀਤ ਕੌਰ ਬੀਰੋਕੇ ਪ੍ਰੈਸ ਸਕੱਤਰ, ਬਲਵਿੰਦਰ ਕੌਰ, ਭੋਲੀ ਕੌਰ, ਸੁਖਵਿੰਦਰ ਕੌਰ, ਸੁਮਨ ਗਰਗ, ਬੇਅੰਤ ਕੌਰ, ਨੀਲਮ ਮੰਡੇਰ ਆਦਿ ਨੇ ਵੀ ਸੰਬੋਧਨ ਕੀਤਾ।























