*ਅੱਧਾ ਫੁੱਟ ਵਧਿਆ ਘੱਗਰ ਦਾ ਪਾਣੀ ; ਸਾਢੇ 22 ਫੁੱਟ ਚੜ੍ਹੇ ਘੱਗਰ ਨੇ ਲੋਕਾਂ ਦੇ ਸਾਹ ਸੂਤੇ*

0
96

ਮਾਨਸਾ, 5 ਸਤੰਬਰ(ਸਾਰਾ ਯਹਾਂ/ਜਗਤਾਰ ਧੰਜਲ) –ਪਹਾੜਾਂ ਵਿਚ ਪਏ ਮੀਂਹ ਅਤੇ ਤੇਜੀ ਨਾਲ ਵਧ ਰਹੇ ਪਾਣੀ ਨੂੰ ਲੈ ਕੇ ਘੱਗਰ ਦਾ ਪਾਣੀ ਅੱਧਾ ਫੁੱਟ ਵਧ ਕੇ ਸਾਢੇ 22 ਫੁੱਟ ਤੱਕ ਪਹੁੰਚ ਗਿਆ ਹੈ। ਹਾਲਾਂਕਿ ਅਜੇ ਵੀ ਉਹ ਖਤਰੇ ਦੇ ਨਿਸ਼ਾਨ ਤੋਂ ਢਾਈ ਫੁੱਟ ਹੇਠਾਂ ਹੈ। ਪਰ ਇਸ ਨੂੰ ਲੈ ਕੇ ਲੋਕ ਸਹਿਮ ਜ਼ਰੂਰ ਗਏ ਹਨ। ਲੋਕਾਂ ਨੇ ਪਾਣੀ ਨੂੰ ਰੋਕਣ ਲਈ ਆਪਣੇ ਘਰਾਂ ਅੱਗੇ ਮਿੱਟੀ ਪਾ ਕੇ ਵੱਡੇ ਵੱਡੇ ਬੰਨ ਉਸਾਰ ਲਏ ਹਨ। ਲੋਕਾਂ ਨੂੰ ਡਰ ਹੈ ਕਿ ਘੱਗਰ ਦਾ ਕਿਨਾਰਾ ਵਧ ਰਹੇ ਪਾਣੀ ਕਾਰਨ ਕਿਸੇ ਵੇਲੇ ਵੀ ਟੁੱਟ ਸਕਦਾ ਹੈ। ਹਾਲਾਂਕਿ ਜ਼ਿਲਾ ਪ੍ਰਸ਼ਾਸ਼ਨ ਅਤੇ ਘੱਗਰ ਤੇੋ ਠੀਕਰੀ ਪਹਿਰਾ ਲਗਾ ਕੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਵਧਿਆ ਜ਼ਰੂਰ ਹੈ ਪਰ ਖਤਰੇ ਵਾਲੀ ਅਜੇ ਕੋਈ ਗੱਲ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਪਹਾੜਾਂ ਵਿਚ ਪਿਆ ਮੀਂਹ ਦੋ ਦਿਨ ਦਾ ਸਫਰ ਕਰਕੇ ਫਿਰ ਖਨੌਰੀ, ਚਾਂਦਪੁਰਾ ਬੰਨ ਅਤੇ ਸਰਦੂਲਗੜ੍ਹ ਪਹੁੰਚਦਾ ਹੈ। ਬੀਤੇ ਦਿਨੀਂ ਪਏ ਤੇਜ ਮੀਂਹ ਦਾ ਪਾਣੀ ਅਜੇ ਰਾਹ ਵਿਚ ਹੈ। ਜਿਸ ਦੇ 6 ਜਾਂ 7 ਸਤੰਬਰ ਨੂੰ ਸਰਦੂਲਗੜ੍ਹ ਵਿਖੇ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਪਾਣੀ ਦਾ ਪੱਧਰ ਵਧਣ ਦਾ ਡਰ ਬਣਿਆ ਹੋਇਆ ਹੈ।
ਵਾਤਾਵਰਣ ਪ੍ਰੇਮੀ ਬਿੱਕਰਜੀਤ ਸਿੰਘ ਸਾਧੂਵਾਲਾ ਦਾ ਕਹਿਣਾ ਹੈ ਕਿ ਜੇਕਰ ਹੋਰ ਮੀਂਹ ਨਾ ਪਏ ਤਾਂ ਘੱਗਰ ਦੇ ਪਾਣੀ ਦਾ ਕੋਈ ਬਹੁਤਾ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪਾਣੀ ਦਾ ਪੱਧਰ ਵਧ ਘਟ ਰਿਹਾ ਹੈ ਪਰ ਅਜੇ ਤੱਕ ਖਤਰੇ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 2023 ਵਿਚ ਜਦੋਂ ਘੱਗਰ ਨੇ ਇਸ ਇਲਾਕੇ ਵਿਚ ਵੱਡੀ ਤਬਾਹੀ ਮਚਾਈ ਸੀ ਉਸ ਦਾ ਮੁਕਾਬਲੇ ਘੱਗਰ ਦਾ ਪਾਣੀ ਅਤੇ ਉਛਾਲ ਅੱਧਾ ਵੀ ਨਹੀਂ ਹੈ। ਇਸ ਕਰਕੇ ਆਉਣ ਵਾਲੇ ਦਿਨਾਂ ਵਿਚ ਘੱਗਰ ਦੇ ਪਾਣੀ ਦਾ ਬਹੁਤਾ ਖਤਰਾ ਨਹੀਂ ਜਾਪ ਰਿਹਾ ਪਰ ਚੌਕਸੀ ਜਰੂਰ ਚਾਹੀਦੀ ਹੈ। ਸਰਦੂਲਗੜ੍ਹ ਦੇ ਨਾਲ ਲੱਗਦੇ ਪਿੰਡਾਂ ਸਾਧੂਵਾਲਾ, ਫੂਸਮੰਡੀ ਆਦਿ ਵਿਖੇ ਲੋਕਾਂ ਨੇ ਪਾਣੀ ਠੱਲਣ ਲਈ ਪਹਿਲਾਂ ਤੋਂ ਹੀ ਮਿੱਟੀ ਦੇ ਵੱਡੇ ਵੱਡੇ ਬੰਨ ਲਗਾ ਲਏ ਹਨ। ਉਨ੍ਹਾਂ ਕਿਹਾ ਕਿ ਲੋਕ ਘੱਗਰ ਦੇ ਪਾਣੀ ਨੂੰ ਲੈ ਕੇ ਸਹਿਮੇ ਜ਼ਰੂਰ ਹਨ ਅਤੇ ਪਿਛਲੇ ਦਿਨੀਂ ਪਏ ਜੋਰਦਾਰ ਮੀਂਹ ਨੇ ਲੋਕਾਂ ਦਾ ਚਿੰਤਾ ਵਧਾਈ ਹੈ।
ਦੂਜੇ ਪਾਸੇ ਘੱਗਰ ਦਾ ਪ੍ਰਸ਼ਾਸ਼ਨ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵਲੋਂ ਲਗਾਤਾਰ ਜਾਇਜਾ ਲਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਵੀ ਇਨ੍ਹਾਂ ਨੇ ਘੱਗਰ ਦੇ ਪਾਣੀ ਦਾ ਜਾਇਜਾ ਲੈਣ ਉਪਰੰਤ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਘਬਰਾਹਟ ਜਾਂ ਚਿੰਤਾ ਨਾ ਕਰਨ ਦੀ ਗੱਲ ਕਹੀ। ਉਨ੍ਹਾਂ ਦੱਸਿਆ ਕਿ ਘੱਗਰ ਦਾ ਪਾਣੀ ਅਜੇ ਖਤਰੇ ਦੇ ਨਿਸ਼ਾਨ ਤੋਂ ਢਾਈ ਫੁੱਟ ਹੇਠਾਂ ਹੈ। ਇਸ ਕਰਕੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਅਧਿਕਾਰੀ ਅਤੇ ਲੋਕ ਘੱਗਰ ਦਾ ਲਗਾਤਾਰ ਜਾਇਜਾ ਲੈ ਕੇ ਇਸ ਦੀ ਰਖਵਾਲੀ ਦੇ ਬੈਠੇ ਹਨ ਅਤੇ ਵਧ ਘਟ ਰਹੇ ਪਾਣੀ ਨੂੰ ਲੈ ਕੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਪਰ ਲੋਕ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਵਿਚ ਨਾ ਆਉਣ।
ਉਧਰ ਜ਼ਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਿਕਰਮ ਮੋਫਰ ਨੇ ਘੱਗਰ ਦੇ ਕਿਨਾਰੇ ਮਜਬੂਤ ਕਰਨ ਲਈ ਲੋਕਾਂ ਨੂੰ 500 ਲੀਟਰ ਡੀਜ਼ਲ ਦਿੱਤਾ ਤਾਂ ਜੋ ਕਿਸੇ ਨੂੰ ਕੋਈ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਲੋਕ ਇਸ ਬਿਪਤਾ ਦੀ ਘੜੀ ਵਿਚ ਘੱਗਰ ਨੂੰ ਟੁੱਟਣ ਤੋਂ ਬਚਾ ਲੈਣ। ਉਨ੍ਹਾਂ ਸਰਕਾਰ ਵਲੋਂ ਕੀਤੇ ਪ੍ਰਬੰਧਾਂ ਤੇ ਉਂਗਲ ਚੁੱਕਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਪਹਿਲਾਂ ਤੋਂ ਪ੍ਰਬੰਧ ਕੀਤੇ ਹੁੰਦੇ ਤਾਂ ਲੋਕਾਂ ਨੂੰ ਆਪਣੇ ਤੌਰ ਤੇ ਘੱਗਰ ਦੇ ਪਾਣੀ ਤੋਂ ਬਚਣ ਲਈ ਇੰਨੇ ਪ੍ਰਬੰਧ ਨਾ ਕਰਨੇ ਪੈਂਦੇ ਤੇ ਨਾ ਹੀ ਉਨ੍ਹਾਂ ਨੂੰ ਕੋਈ ਚਿੰਤਾ ਹੁੰਦੀ। ਪਰ ਸਰਕਾਰ ਘੱਗਰ ਦੀ ਮਾਰ ਝੱਲਦੇ ਆ ਰਹੇ ਲੋਕਾਂ ਨੂੰ ਸਿਰਫ ਦਿਲਾਸੇ ਅਤੇ ਤਸੱਲੀਆਂ ਦੇਣ ਵਿਚ ਲੱਗੀ ਹੋਈ ਹੈ ਜੋ ਨਾਕਾਫੀ ਹੈ।

LEAVE A REPLY

Please enter your comment!
Please enter your name here