*ਕਰੀਬ ਦੋ ਮਹੀਨੇ ਪਹਿਲਾਂ ਲਾਪਤਾ ਹੋਈ ਲੜਕੀ ਮਾਨਸਾ ਪੁਲੀਸ ਨੇ ਲੱਭੀ..!11 ਜੁਲਾਈ ਨੂੰ ਇੱਕ ਨੌਜ਼ਵਾਨ ਦੇ ਖਿਲਾਫ਼ ਕੀਤਾ ਸੀ ਮਾਮਲਾ ਦਰਜ*

0
329

ਮਾਨਸਾ, 5 ਸਤੰਬਰ (ਸਾਰਾ ਯਹਾਂ/ਜਗਤਾਰ ਧੰਜਲ) -ਕਰੀਬ ਦੋ ਮਹੀਨੇ ਪਹਿਲਾਂ ਘਰੋਂ ਪੜ੍ਹਨ ਗਈ ਪਿੰਡ ਮਾਖਾ ਚਹਿਲਾਂ ਦੀ 11ਵੀਂ ਜਮਾਤ ਵਿੱਚ ਪੜ੍ਹਦੀ ਲਾਪਤਾ ਹੋਈ ਨਾਬਾਲਗ ਲੜਕੀ ਨੂੰ ਪੁਲੀਸ ਨੂੰ ਲੱਭ ਲਿਆਂਦਾ ਹੈ। ਪੁਲੀਸ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਲੜਕੀ ਮਾਪਿਆਂ ਦੇ ਸਪੁਰਦ ਕਰਨ ਦੀ ਗੱਲ ਕਹਿ ਰਹੀ ਹੈ, ਜਦੋਂ ਕਿ ਮਾਪਿਆਂ ਅਤੇ ਲੜਕੀ ਨੂੰ ਲੱਭਣ ਦੀ ਮੰਗ ਨੂੰ ਲੈਕੇ ਥਾਣਾ ਜੋਗਾ ਮੁਹਰੇ 56 ਦਿਨਾਂ ਤੋਂ ਧਰਨਾ ਲਾਕੇ ਬੈਠੇ ਕਿਸਾਨਾਂ ਅਤੇ ਪਿੰਡ ਵਾਸੀਆਂ ਬਿਨਾਂ ਮੈਡੀਕਲ ਜਾਂਚ ਦੇ ਲੜਕੀ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਉਨ੍ਹਾਂ ਅਨੁਸਾਰ ਪੁਲੀਸ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਏ ਤਾਂ ਇਸ ਉਪਰੰਤ ਉਹ ਆਪਣੀ ਲੜਕੀ ਨੂੰ ਘਰ ਲੈਕੇ ਜਾਣਗੇ ਤਾਂ ਜੋ ਉਸ ਨਾਲ ਹੋਈਆਂ ਵਧੀਕੀਆਂ ਅਤੇ ਧੱਕੇਸ਼ਾਹੀਆਂ ਦਾ ਪਤਾ ਲਾਕੇ ਕਸੂਰਵਾਰਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਸਕੇ।
56ਵੇਂ ਦਿਨ ਵੀ ਥਾਣਾ ਜੋਗਾ ਵਿਖੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਪੁਲੀਸ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਧਰਨੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਮਾਖਾ ਚਹਿਲਾਂ ਦੀ ਨਾਬਾਲਗ ਲੜਕੀ 11 ਜੁਲਾਈ ਤੋਂ ਲਾਪਤਾ ਸੀ, ਜਿਸ ਨੂੰ ਪਿੰਡ ਮੱਲ ਸਿੰਘ ਵਾਲਾ ਇੱਕ ਨੌਜਵਾਨ ਬਗਲਾਕੇ ਲੈ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਲੜਕੀ ਦੇ ਲਾਪਤਾ ਹੋਣ ’ਤੇ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਨ੍ਹਾਂ ਵੱਲੋਂ ਵਿਰੋਧ ਕਰਨ ਤੋਂ ਬਾਅਦ ਲੜਕੀ ਨੂੰ ਲਿਜਾਣ ਵਾਲੇ ਲੜਕੇ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਪੁਲੀਸ ਨੂੰ ਲਾਪਤਾ ਲੜਕੀ ਕਿਸੇ ਸ਼ਹਿਰ ਵਿਚੋਂ ਬਰਾਮਦ ਹੋਈ ਹੈ, ਉਹ ਉਥੇ ਕਿਵੇਂ ਗਈ, ਇਸਦੇ ਪਿੱਛੇ ਦੀ ਕੀ ਕਹਾਣੀ, ਕੌਣ ਉਸ ਨੂੰ ਲੈ ਗਿਆ, ਇਹ ਸਾਰੀਆਂ ਗੱਲਾਂ ਹਾਲੇ ਭੇਦ ਬਣੀਆਂ ਹੋਈਆਂ ਹਨ।
ਪਤਾ ਲੱਗਿਆ ਹੈ ਕਿ ਲਾਪਤਾ ਲੜਕੀ ਨੇ ਪਟਿਆਲਾ ਤੋਂ ਕਿਸੇ ਦੇ ਫੋਨ ਤੋਂ ਕਿਸੇ ਲੜਕੇ ਨੂੰ ਫੋਨ ਕੀਤਾ, ਉਸ ਵੱਲੋਂ ਸੂਚਨਾ ਦੇਣ ਤੋਂ ਬਾਅਦ ਲੜਕੀ ਪੁਲੀਸ ਦੇ ਹੱਥ ਲੱਗੀ। ਪੁਲੀਸ ਨੇ ਪੁੱਛਗਿੱਛ ਲਈ ਇੱਕ ਹੋਰ ਲੜਕੀ ਨੂੰ ਵੀ ਪਟਿਆਲਾ ਤੋਂ ਮਾਨਸਾ ਲਿਆਂਦਾ ਹੈ।
ਕਿਸਾਨ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਸਮੇਂ ਲੜਕੀ ਮਾਪਿਆਂ ਦੇ ਸੁਪਰਦ ਕਰਨ ਲਈ ਉਨ੍ਹਾਂ ਨੂੰ ਅਤੇ ਮਾਪਿਆਂ ਬੁਲਾਇਆ ਸੀ, ਪਰ ਪੁਲੀਸ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਉਣ ਦੇ ਹੱਕ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਜਿੰਨਾਂ ਚਿਰ ਤੱਕ ਲੜਕੀ ਦਾ ਡਾਕਟਰੀ ਮੁਆਇਨਾ ਨਹੀਂ ਹੋਵੇਗਾ, ਉਨੀ ਦੇਰ ਮਾਪੇ ਉਸ ਨੂੰ ਘਰ ਨਹੀਂ ਲੈਕੇ ਜਾਣਗੇ। ਉਨ੍ਹਾਂ ਦੱਸਿਆ ਕਿ ਡਾਕਟਰੀ ਮੁਆਇਨਾ ਹੋਣ ਤੋਂ ਬਾਅਦ ਉਸ ਨਾਲ ਹੋਈ ਸਾਰੀ ਧੱਕੇਸ਼ਾਹੀ ਦੇ ਸਬੰਧ ਵਿੱਚ ਪਹਿਲਾਂ ਤੋਂ ਦਰਜ ਮਾਮਲੇ ਵਿੱਚ ਵਾਧਾ ਵੀ ਹੋ ਸਕਦਾ ਹੈ।
ਉਧਰ ਇਹ ਵੀ ਪਤਾ ਲੱਗਿਆ ਹੈ ਕਿ ਲੜਕੀ ਨੇ ਪੁਲੀਸ ਵੱਲੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਮਾਪਿਆਂ ਕੋਲ ਜਾਣ ਦੀ ਇੱਛਾ ਪ੍ਰਗਟਾਈ।
ਡੀਐਸਪੀ ਬੂਟਾ ਸਿੰਘ ਗਿੱਲ ਨੇ ਕਿਹਾ ਕਿ ਲਾਪਤਾ ਹੋਈ ਲੜਕੀ ਪੁਲੀਸ ਨੂੰ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਅਤੇ ਪੜਤਾਲ ਕਰਨ ਤੋਂ ਬਾਅਦ ਉਸ ਨੂੰ ਮਾਪਿਆਂ ਹਵਾਲੇ ਕਰ ਦਿੱਤਾ ਜਾਵੇਗਾ।
ਇਸ ਮੌਕੇ ਰਾਜ ਸਿੰਘ ਅਕਲੀਆ, ਜਗਜੀਤ ਸਿੰਘ ਧਲੇਵਾਂ, ਰਾਜੂ ਸਿੰਘ ਅਲੀਸ਼ੇਰ, ਮਨਜੀਤ ਕੁਮਾਰ ਪੱਪੀ, ਰੂਪ ਸਿੰਘ ਰੱਲਾ, ਸਤਿਗੁਰੂ ਸਿੰਘ ਜ਼ੋਗਾ, ਸ਼ਿੰਦਰਪਾਲ ਕੌਰ, ਕੁਲਵਿੰਦਰ ਕੌਰ ਅਤੇ ਮਨਜੀਤ ਸਿੰਘ ਉਲਕ ਹਾਜ਼ਰ ਸਨ।

LEAVE A REPLY

Please enter your comment!
Please enter your name here