ਅੰਮ੍ਰਿਤਸਰ ਜਾ ਰਹੇ ਪਰਿਵਾਰ ਦੀ ਕਾਰ ਟਰੱਕ ‘ਚ ਵੱਜੀ, ਮਾਪਿਆਂ ਦੀ ਮੌਤ, ਪੁੱਤਰ ਗੰਭੀਰ

0
39

ਜਲੰਧਰ: ਇੱਥੋਂ ਨੇੜਲੇ ਕਸਬੇ ਕਰਤਾਰਪੁਰ ਕੋਲ ਕਾਰ ਦੇ ਟਰੱਕ ਵਿੱਚ ਵੱਜਣ ਕਾਰਨ ਪਤੀ-ਪਤਨੀ ਦੀ ਮੌਤ ਹੋਣ ਦੀ ਖ਼ਬਰ ਹੈ। ਘਟਨਾ ਵਿੱਚ ਮ੍ਰਿਤਕਾਂ ਦੇ ਪੁੱਤਰ ਨੂੰ ਵੀ ਕਾਫੀ ਸੱਟਾਂ ਵੱਜੀਆਂ। ਮ੍ਰਿਤਕਾਂ ਦੀ ਸ਼ਨਾਖ਼ਤ ਰਜੀਵ ਸੋਢੀ ਤੇ ਕੀਰਤੀ ਸੋਢੀ ਵਜੋਂ ਹੋਈ ਹੈ, ਦੋਵੇਂ ਅੰਮ੍ਰਿਤਸਰ ਦੇ ਫੁੱਲਾਂ ਵਾਲਾ ਚੌਕ ਇਲਾਕੇ ਦੇ ਵਸਨੀਕ ਸਨ।

ਥਾਣਾ ਕਾਰਤਾਪੁਰ ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਤੇ ਏਐਸਆਈ ਬੋਧ ਰਾਜ ਮੁਤਾਬਕ ਜ਼ਖ਼ਮੀ ਕਾਰ ਚਾਲਕ ਹਿਮਾਂਸ਼ੂ ਸੋਢੀ ਨੇ ਦੱਸਿਆ ਕਿ ਉਹ ਆਪਣੇ ਮਾਤਾ ਪਿਤਾ ਨਾਲ ਆਪਣੀ ਵੈਗਨ ਆਰ ਕਾਰ (ਪੀ ਬੀ 02 ਏਪੀ 0792) ਰਾਹੀਂ ਦਿੱਲੀ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਅੰਮ੍ਰਿਤਸਰ ਪਰਤ ਰਹੇ ਸਨ। ਅੱਜ ਸਵੇਰੇ ਅੱਠ ਕੁ ਵਜੇ ਕਰਤਾਰਪੁਰ ਸਥਿਤ ਢਾਬੇ ਕੋਲੋਂ ਲੰਘਦਿਆਂ ਇਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਸਾਈਡ ਮਾਰ ਦਿੱਤੀ। ਇਸ ਕਾਰਨ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਸੜਕ ਕੰਢੇ ਖੜ੍ਹੇ ਟਰੱਕ ਵਿੱਚ ਜਾ ਵੱਜੀ।

ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲਿਸ ਨੇ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਹੈ। ਉਸ ਦੇ ਮਾਪਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here