ਅਰਜਨਟੀਨਾ ਯੂਥ ਉਲੰਪਿਕ ਵਿੱਚ 8ਵੇਂ ਸਥਾਨ ‘ਤੇ ਰਹੇ ਸਤਨਾਮ ਸਿੰਘ ਦਾ ਡਿਪਟੀ ਕਮਿਸ਼ਨਰ ਵੱਲੋਂ ਸਨਮਾਨ

0
27

ਮਾਨਸਾ, 26 ਅਕਤੂਬਰ (ਹੀਰਾ ਸਿੰਘ ਮਿੱਤਲ): ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਵਿਖੇ ਇਸੇ ਮਹੀਨੇ ਹੋਈਆਂ ਤੀਸਰੀਆਂ ਯੂਥ ਉਲੰਪਿਕਸ ਖੇਡਾਂ ਦੇ ਰੋਇੰਗ ਮੁਕਾਬਲਿਆਂ ਵਿੱਚ 8ਵੇਂ ਸਥਾਨ ‘ਤੇ ਰਹੇ ਮਾਨਸਾ ਦੇ ਪਿੰਡ ਫੱਤਾ ਮਾਲੋਕਾ ਦੇ ਖਿਡਾਰੀ ਸਤਨਾਮ ਸਿੰਘ ਦਾ ਅੱਜ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ।
ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਰੱਖੇ ਗਏ ਸੰਖੇਪ ਸਮਾਗਮ ਦੌਰਾਨ ਉਨ੍ਹਾਂ ਕਿਸ਼ਤੀ ਚਾਲਕ ਸਤਨਾਮ ਸਿੰਘ ਨੂੰ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਨਾਲ ਨਿਵਾਜ਼ਿਆ। ਇਸ ਦੌਰਾਨ ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸ਼ਤੀ ਚਾਲਕ ਸਵਰਨ ਸਿੰਘ ਵਿਰਕ ਤੇ ਸੁਖਮੀਤ ਸਿੰਘ ਅਤੇ ਕਬੱਡੀ ਖਿਡਾਰੀ ਮਨਪ੍ਰੀਤ ਕੌਰ ਦੇ ਏਸ਼ੀਆਈ ਖੇਡਾਂ ‘ਚ ਮੈਡਲ ਜਿੱਤਣ ਉਪਰੰਤ ਸਤਨਾਮ ਸਿੰਘ ਦਾ ਯੂਥ ਉਲੰਪਿਕ ਵਿੱਚ ਚੰਗਾ ਪ੍ਰਦਰਸ਼ਨ ਕਰਕੇ 8ਵੇਂ ਸਥਾਨ ‘ਤੇ ਆਉਣਾ ਉਸ ਦੇ ਸਿਰੜ ਅਤੇ ਸਖ਼ਤ ਮਿਹਨਤ ਦੀ ਸਾਅਦੀ ਭਰਦਾ ਹੈ। ਉਨ੍ਹਾਂ ਜਿਥੇ ਭਵਿੱਖ ਵਿੱਚ ਸਤਨਾਮ ਸਿੰਘ ਵੱਲੋਂ ਹੋਰ ਬਿਹਤਰ ਖੇਡ ਵਿਖਾਉਣ ਦੀ ਆਸ ਜਤਾਈ, ਉਥੇ ਸਤਨਾਮ ਸਿੰਘ ਵੱਲੋਂ ਉਸ ਦੇ ਪਿੰਡ ਫੱਤਾ ਮਾਲੋਕਾ ਵਿਖੇ ਖੇਡ ਮੈਦਾਨ ਬਣਾਉਣ ਦੀ ਮੰਗ ਨੂੰ ਵੀ ਪੂਰੀ ਕਰਨ ਦਾ ਭਰੋਸਾ ਦਿਵਾਇਆ। ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਪਿੰਡ ਦੇ ਨੌਜਵਾਨਾਂ ਦਾ ਹੈਂਡਬਾਲ ਖੇਡ ਪ੍ਰਤੀ ਬਹੁਤ ਉਤਸ਼ਾਹ ਹੈ। ਇਸ ‘ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਨਰੇਗਾ ਸਕੀਮ ਤਹਿਤ ਇਹ ਖੇਡ ਮੈਦਾਨ ਪਹਿਲ ਦੇ ਆਧਾਰ ‘ਤੇ ਤਿਆਰ ਕਰਵਾਇਆ ਜਾਵੇਗਾ।
ਦੱਸ ਦਈਏ ਕਿ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੀ ਰੋਪੜ ਰੋਇੰਗ ਅਕੈਡਮੀ ਦਾ 18 ਵਰ੍ਹਿਆਂ ਦਾ ਉੱਭਰਦਾ ਖਿਡਾਰੀ ਸਤਨਾਮ ਸਿੰਘ ਯੂਥ ਉਲੰਪਿਕਸ ਵਿੱਚ ਆਪਣੇ ਉਤਰ ਪ੍ਰਦੇਸ਼ ਦੇ ਸਾਥੀ ਖਿਡਾਰੀ ਅਸ਼ੀਸ਼ ਗੋਲੀਆਨ ਨਾਲ ਰੋਇੰਗ ਦੇ ਮੈਨਜ਼ ਪੇਅਰ ਮੁਕਾਬਲਿਆਂ ਵਿੱਚ ਖੇਡ ਕੇ ਆਇਆ ਹੈ।
ਇਸ ਮੌਕੇ  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੱਧੂ, ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਹਰਪਿੰਦਰ ਸਿੰਘ, ਮਨਜੀਤ ਮੰਨਾ ਅਤੇ ਫੁਟਬਾਲ ਕੋਚ ਸੰਗਰਾਮਜੀਤ ਸਿੰਘ ਹਾਜ਼ਰ ਸਨ।


EDITED BY : SARA YAHA | | Last Updated : 7:00 pm 26 October 2018

LEAVE A REPLY

Please enter your comment!
Please enter your name here