

ਬੁਢਲਾਡਾ/ਮਾਨਸਾ, 06 ਜੂਨ: (ਸਾਰਾ ਯਹਾਂ/ਮੁੱਖ ਸੰਪਾਦਕ)
ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਪੰਜਾਬ ਸਰਕਾਰ ਦੁਆਰਾ ਅਨੁਸੂਚਿਤ ਜਾਤੀ ਵਿੱਤ ਕਾਰਪੋਰੇਸ਼ਨ ਦਾ 67 ਕਰੋੜ ਦਾ 31 ਮਾਰਚ, 2020 ਤੱਕ ਦਾ ਵਿਆਜ਼ ਸਮੇਤ ਸਾਰਾ ਕਰਜ਼ਾ ਮਾਫ ਕਰਨ ’ਤੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਅਨੁਸੂਚਿਤ ਭਾਈਚਾਰੇ ਦੇ ਹੱਕ ਵਿਚ ਲਿਆ ਸ਼ਲਾਘਾਯੋਗ ਫੈਸਲਾ ਹੈ।
ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਹੱਕਾਂ ਦੀ ਰਾਖੀ ਅਤੇ ਪੈਰਵਾਈ ਲਈ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੀ ਹੈ। ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਦੀ ਭਲਾਈ ਲਈ ਸਰਕਾਰ ਲਗਾਤਾਰ ਯਤਨਸ਼ੀਲ ਹੈ। ਆਮ ਆਦਮੀ ਪਾਰਟੀ ਦੁਆਰਾ ਸੱਤਾ ’ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੇ ਪਿਛਲੇ ਦਿਨ ਹੋਈ ਮੀਟਿੰਗ ਵਿੱਚ ਅਨੁਸੂਚਿਤ ਜਾਤੀ ਵਿੱਤ ਕਾਰਪੋਰੇਸ਼ਨ ਦਾ ਵਿਆਜ਼ ਸਮੇਤ ਸਾਰਾ 67 ਕਰੋੜ ਦਾ 31 ਮਾਰਚ, 2020 ਤੱਕ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ। ਇਹ ਅਨੁਸੂਚਿਤ ਭਾਈਚਾਰੇ ਲਈ ਬਹੁਤ ਵੱਡੀ ਰਾਹਤ ਹੈ। ਵਿਧਾਇਕ ਨੇ ਕਿਹਾ ਕਿ 4727 ਪਰਿਵਾਰਾਂ ਦਾ ਮੁਆਫ ਕੀਤਾ ਗਿਆ ਕਰਜ਼ਾ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਰਾਹਤ ਦੇਣ ਵਿਚ ਸਹਾਈ ਸਿੱਧ ਹੋਵੇਗਾ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਾਰਥਿਕ ਯਤਨਾਂ ਸਦਕਾ ਪੰਜਾਬ ਹਰ ਖੇਤਰ ਵਿੱਚ ਅੱਗੇ ਵਧ ਰਿਹਾ ਹੈ। ਸਿਹਤ ਤੇ ਸਿੱਖਿਆ ਸਹੂਲਤਾਂ ਹਰ ਆਮ ਆਦਮੀ ਨੂੰ ਮਿਲ ਰਹੀਆਂ ਹਨ। ਨਸ਼ਿਆਂ ਵਿਰੁੱਧ ਵਿੱਢੇ ਯੁੱਧ ਨੇ ਪੰਜਾਬ ਦੇ ਬਚਪਨ, ਜਵਾਨੀ ਅਤੇ ਬੁਢੇਪੇ ਨੂੰ ਚੰਗਾ ਭਵਿੱਖ ਦੇਣ ਦਾ ਸਾਰਥਿਕ ਯਤਨ ਕੀਤਾ ਹੈ। ਸਰਕਾਰ ਦੁਆਰਾ ਅਨੁਸੂਚਿਤ ਜਾਤੀ ਦੇ ਮੁਆਫ ਕੀਤੇ ਕਰਜ਼ੇ ਦੇ ਫੈਸਲੇ ਨਾਲ ਭਾਈਚਾਰੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ।























