
ਅੱਜ 2025 ਵਿੱਚ, ਜਦੋਂ ਡਿਜੀਟਲ ਦੁਨੀਆਂ ਸਭ ਕੁਝ ਨਿਗਲ ਰਹੀ ਹੈ, ਤਾਂ ਵੀ ਰੋਜ਼ਾਨਾ ਅਖ਼ਬਾਰਾਂ ਦੀ ਵਿਕਰੀ ਵਿੱਚ ਧਮਾਕੇਦਾਰ ਉੱਛਾਲ ਆਇਆ! ਆਡਿਟ ਬਿਊਰੋ ਆਫ਼ ਸਰਕੂਲੇਸ਼ਨਜ਼ (ਏ.ਬੀ ਸੀ.) ਦੇ ਤਾਜ਼ਾ ਅੰਕੜਿਆਂ ਅਨੁਸਾਰ, ਜਨਵਰੀ ਤੋਂ ਜੂਨ 2025 ਤੱਕ ਦੇਸ਼ ਭਰ ਵਿੱਚ ਅਖ਼ਬਾਰਾਂ ਦੀਆਂ ਔਸਤਨ 29,744,148 ਕਾਪੀਆਂ ਵਿਕੀਆਂ। ਇਸ ਤੋਂ ਪਹਿਲਾਂ, ਜੁਲਾਈ ਤੋਂ ਦਸੰਬਰ 2024 ਵਿੱਚ ਇਹ ਗਿਣਤੀ 28,941,876 ਸੀ। ਯਾਨੀ, ਮਹਿਜ਼ ਛੇ ਮਹੀਨਿਆਂ ਵਿੱਚ 3% ਦਾ ਵਾਧਾ ( ਪੂਰੇ 802,272 ਕਾਪੀਆਂ), ਇਹ ਸਿਰਫ਼ ਅੰਕੜੇ ਨਹੀਂ, ਬਲਕਿ ਪਾਠਕਾਂ ਦਾ ਅਟੁੱਟ ਵਿਸ਼ਵਾਸ ਹੈ। ਲੋਕ ਅਜੇ ਵੀ ਪ੍ਰਿੰਟ ਮੀਡੀਆ ਨੂੰ ਜਾਂਚੀ-ਪਰਖੀ, ਗਹਿਰੀ ਸਮੱਗਰੀ ਲਈ ਪਹਿਲੀ ਪਸੰਦ ਮੰਨਦੇ ਹਨ।
ਯਾਦ ਕਰੋ, 1920 ਦੇ ਦਹਾਕੇ ਵਿੱਚ ਰੇਡੀਓ ਦਾ ਜਨਮ ਹੋਇਆ। ਰੇਡੀਓ ਨੇ ਦੁਨੀਆਂ ਨੂੰ ਜੋੜਿਆ। ਭਾਰਤ ਵਿੱਚ 1927 ਵਿੱਚ ਬੰਬਈ ਤੋਂ ਪਹਿਲਾ ਪ੍ਰਸਾਰਣ ਹੋਇਆ , ਖ਼ਬਰਾਂ, ਸੰਗੀਤ, ਨਾਟਕ ਸਭ ਕੁਝ ਹਵਾ ਵਿੱਚ। ਲੋਕਾਂ ਨੇ ਸੋਚਿਆ, ਹੁਣ ਅਖ਼ਬਾਰਾਂ ਦਾ ਕੀ ਹੋਵੇਗਾ?
ਰੇਡੀਓ ਨੇ ਮਨੋਰੰਜਨ ਵਧਾਇਆ, ਪਰ ਅਖ਼ਬਾਰਾਂ ਨੇ ਵਿਸ਼ਲੇਸ਼ਣ ਅਤੇ ਰਿਕਾਰਡ ਪ੍ਰਦਾਨ ਕੀਤਾ। ਨਤੀਜਾ? ਦੋਵੇਂ ਨਾਲ ਚੱਲੇ। ਦੂਜੇ ਵਿਸ਼ਵ ਯੁੱਧ ਵਿੱਚ ਰੇਡੀਓ ਨੇ ਖ਼ਬਰਾਂ ਪਹੁੰਚਾਈਆਂ, ਪਰ ਯੁੱਧ ਦੀ ਡਾਇਰੀ ਅਖ਼ਬਾਰਾਂ ਵਿੱਚ ਹੀ ਅਮਰ ਹੋਈ।
ਫਿਰ ਆਇਆ ਟੈਲੀਵਿਜ਼ਨ ਦਾ ਯੁਗ। 1950 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਰੰਗੀਨ ਟੀਵੀ, ਭਾਰਤ ਵਿੱਚ 1959 ਵਿੱਚ ਦੂਰਦਰਸ਼ਨ…ਵਿਜ਼ੁਅਲਜ਼ ਨੇ ਕ੍ਰਾਂਤੀ ਲਿਆ ਦਿੱਤੀ। ਲੋਕ ਸਕ੍ਰੀਨ ਤੇ ਖ਼ਬਰਾਂ ਵੇਖਣ ਲੱਗੇ, ਲਾਈਵ ਇਵੈਂਟਸ, ਇੰਟਰਵਿਊਜ਼। ਟੀਵੀ ਨੇ ਰੇਡੀਓ ਨੂੰ ਚੁਣੌਤੀ ਦਿੱਤੀ ਅਤੇ ਅਖ਼ਬਾਰਾਂ ਨੂੰ ਵੀ। 1980-90 ਦੇ ਦਹਾਕੇ ਵਿੱਚ ਕੇਬਲ ਟੀਵੀ ਨੇ 24/7 ਨਿਊਜ਼ ਚੈਨਲ ਦਿੱਤੇ। ਸੋਚਿਆ ਗਿਆ, ਪ੍ਰਿੰਟ ਖ਼ਤਮ, ਪਰ ਨਹੀਂ। ਟੀਵੀ ਨੇ ਸੰਸਨੀ ਦਿੱਤੀ, ਪਰ ਅਖ਼ਬਾਰਾਂ ਨੇ ਭਰੋਸਾ ਤੇ ਰਿਕਾਰਡ। ਅਖ਼ਬਾਰਾਂ ਨੇ ਮੁੱਦਿਆਂ ਤੇ ਫੋਕਸ ਰੱਖਿਆ। ਡਿਜੀਟਲ ਦਾ ਆਧਾਰ ਵੀ ਅਖ਼ਬਾਰ ਹੀ ਹਨ, ਅੱਜ 2025 ਵਿੱਚ ਇਹ 3% ਵਾਧਾ ਸਾਬਤ ਕਰਦਾ ਹੈ ਕਿ ਪ੍ਰਿੰਟ ਦੀਆਂ ਜੜ੍ਹਾਂ ਡੂੰਘੀਆਂ ਹਨ। ਰੇਡੀਓ ਨੇ ਸੁਣਨ ਦੀ ਆਦਤ ਦਿੱਤੀ, ਟੀਵੀ ਨੇ ਵੇਖਣ ਦੀ, ਪਰ ਪੜ੍ਹਨ ਦਾ ਆਨੰਦ ਅਖ਼ਬਾਰਾਂ ਵਿੱਚ ਹੀ ਹੈ!
ਇਤਿਹਾਸ ਗਵਾਹ ਹੈ – ਨਵੀਂ ਤਕਨੀਕਾਂ ਆਉਂਦੀਆਂ ਹਨ, ਪਰ ਪੁਰਾਣੀਆਂ ਨਹੀਂ ਮਿਟਦੀਆਂ। ਰੇਡੀਓ ਅਤੇ ਟੀਵੀ ਨੇ ਮੀਡੀਆ ਨੂੰ ਵਿਸਥਾਰ ਦਿੱਤਾ, ਪਰ ਪ੍ਰਿੰਟ ਨੇ ਵਿਸ਼ਵਾਸ ਬਣਾਈ ਰੱਖਿਆ। ਇਹ ਵਾਧਾ ਦੱਸਦਾ ਹੈ ਕਿ ਲੋਕ ਅਜੇ ਵੀ ਭਰੋਸੇਯੋਗ ਸਰੋਤ ਚਾਹੁੰਦੇ ਹਨ। ਪ੍ਰਿੰਟ ਦੀ ਪਹੁੰਚ ਸਥਾਈ ਹੈ। ਇਹ ਸਿਰਫ਼ ਕਾਗਜ਼ ਨਹੀਂ, ਇਤਿਹਾਸ ਦੀ ਜੀਵੰਤ ਧੜਕਣ ਹੈ
ਪੇਸ਼ਕਸ਼–.ਜਗਤਾਰ ਧੰਜਲ























