

Takht Sri Damdama Sahib News (ਸਾਰਾ ਯਹਾਂ) : ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਵੱਡੀ ਸੌਗਾਤ ਦਿੱਤੀ ਹੈ। ਕੇਂਦਰ ਸਰਕਾਰ ਨੇ ਸਿੱਖ ਕੌਮ ਦੀ ਵੱਡੀ ਮੰਗ ਨੂੰ ਪੂਰੀ ਕਰਦਿਆਂ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) (Takht Sri Damdama Sahib) ਨੂੰ ਰੇਲਵੇ ਸੰਪਰਕ ਨਾਲ ਜੋੜਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ 34 ਕਿਲੋਮੀਟਰ ਲੰਬੇ ਰੇਲ ਪ੍ਰੋਜੈਕਟ ਲਈ ਕੇਂਦਰ ਸਰਕਾਰ ਵੱਲੋਂ 1118 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ, ਜਿਸ ਨਾਲ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਵੱਡੀ ਸਹੂਲਤ ਮਿਲੇਗੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਸਿੱਖਾਂ ਦੇ ਚਾਰੇ ਤਖ਼ਤ ਰੇਲਵੇ ਨਾਲ ਜੁੜੇ ਹੋਏ ਹਨ ਪਰ ਤਖ਼ਤ ਸ੍ਰੀ ਦਮਦਮਾ ਸਾਹਿਬ ‘ਤੇ ਰੇਲ ਨਹੀਂ ਪਹੁੰਚਦੀ। ਹੁਣ ਕੇਂਦਰ ਨੇ ਇਸ ਵੱਡੀ ਮੰਗ ਨੂੰ ਪ੍ਰਵਾਨ ਕਰ ਲਿਆ ਹੈ। ਤਖਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਆਵਾਜਾਈ ਨਾਲ ਜੋੜਣ ਲਈ ਕੇਂਦਰ ਸਰਕਾਰ ਨੇ 1118 ਕਰੋੜ ਰੁਪਏ ਦਾ ਪ੍ਰੋਜੈਕਟ ਪਾਸ ਕਰ ਦਿੱਤਾ ਹੈ ,ਜਿਸ ਤਹਿਤ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਨਵੀਂ ਰੇਲ ਲਾਈਨ ਵਿਛਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਰੇਲਵੇ ਲਾਈਨ ਵਿਚ ਕੁੱਲ ਸੱਤ ਸਟੇਸ਼ਨ ਆਉਣਗੇ, ਜਿੰਨਾਂ ਵਿਚ ਰਾਮਾਂ ਮੰਡੀ, ਲਾਲੇਆਣਾ, ਤਲਵੰਡੀ ਸਾਬੋ, ਜਗਾ ਰਾਮ ਤੀਰਥ, ਕਮਾਲੂ ਸਵੈਚ, ਕਮਾਲੂ ਜੰਕਸ਼ਨ ਅਤੇ ਸੱਦਾ ਸਿੰਘ ਵਾਲਾ ਸ਼ਾਮਿਲ ਹੈ। ਰਨਵੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਰੇਲਵੇ ਲਾਈਨ ਲਈ ਬਠਿੰਡਾ ਜ਼ਿਲ੍ਹੇ ਵਿਚ 151.912 ਹੈਕਟੇਅਰ ਅਤੇ ਮਾਨਸਾ ਜ਼ਿਲ੍ਹੇ ਵਿਚ 40.508 ਹੈਕਟੇਅਰ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਤੇ ਇਹ ਲਾਇਨ ਫਾਟਕਾਂ ਤੋਂ ਪੂਰੀ ਤਰ੍ਹਾਂ ਮੁਕਤ ਹੋਵੇਗੀ, ਜਿਸ ਦੇ ਹੇਠਾਂ ਅਤੇ ਉਪਰ ਪੁਲ ਬਣਾਏ ਜਾਣਗੇ। ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਪਿਛਲੀਆਂ ਸਰਕਾਰਾਂ ਨੂੰ ਵੀ ਨਿਸ਼ਾਨੇ ‘ਤੇ ਲਿਆ।























