

ਹੁਸ਼ਿਆਰਪੁਰ,- ਜ਼ਿਲੇ ਦੇ ਵੱਖ-ਵੱਖ ਸੇਵਾ ਕੇਂਦਰਾਂ ‘ਚ ਕੰਮ ਕਰ ਰਹੇ ਸੈਂਕੜੇ ਕਰਮਚਾਰੀਆਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਉੁਨ੍ਹਾਂ ਵਿਚ ਹਾਹਾਕਾਰ ਮਚੀ ਹੋਈ ਹੈ। ਪੀੜਤ ਕਰਮਚਾਰੀਆਂ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਦਾ ਸੰਚਾਲਨ ਕਰ ਰਹੀ ਬੀ.ਐੱਲ.ਐੱਸ. ਕੰਪਨੀ ਵੱਲੋਂ ਵਾਰ-ਵਾਰ ਗੱਲ ਕਹੀ ਜਾ ਰਹੀ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਅਦਾਇਗੀ ਨਹੀਂ ਕੀਤੀ ਜਾ ਰਹੀ। ਕੰਪਨੀ ਹਰ 6 ਮਹੀਨਿਆਂ ਬਾਅਦ ਇਕ ਮਹੀਨੇ ਦੀ ਤਨਖ਼ਾਹ ਦੇ ਕੇ ਚੁੱਪ ਧਾਰ ਲੈਂਦੀ ਹੈ।
ਸੇਵਾ ਕੇਂਦਰ ਕਰਮਚਾਰੀਆਂ ਸਵਰਨ ਸਿੰਘ, ਰਜਨੀਸ਼ ਵਿਰਦੀ, ਜਸਵੀਰ ਸਿੰਘ, ਵਿਵੇਕ, ਡਿੰਪਲ, ਬਲਵਿੰਦਰ ਸਿੰਘ, ਨਰਵਿੰਦਰ ਸਿੰਘ, ਜਸਵਿੰਦਰ ਸਿੰਘ, ਸੁਖਪ੍ਰੀਤ ਸਿੰਘ, ਹਰਪਾਲ ਸਿੰਘ, ਬਿਕਰਮ ਸਿੰਘ ਆਦਿ ਨੇ ਕਿਹਾ ਕਿ ਉਹ ਅੱਜ ਤੋਂ ਅਣਮਿੱਥੇ ਸਮੇਂ ਦੀ ਹੜਤਾਲ ‘ਤੇ ਜਾ ਰਹੇ ਹਨ ਅਤੇ ਜਦੋਂ ਤੱਕ ਤਨਖ਼ਾਹ ਨਹੀਂ ਮਿਲਦੀ ਇਹ ਹੜਤਾਲ ਜਾਰੀ ਰਹੇਗੀ। ਪੀੜਤ ਕਰਮਚਾਰੀਆਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਮੰਗ-ਪੱਤਰ ਵੀ ਸੌਂਪਿਆ।
ਇਸ ਮੌਕੇ ਰੀਨਾ ਰਾਣੀ, ਮਨਦੀਪ ਧੂਤ, ਅੰਜਲੀ, ਭੁਪਿੰਦਰ ਕੌਰ, ਗਗਨਦੀਪ, ਨੀਰੂ ਬਾਲਾ, ਅਮਰਜੀਤ, ਬਰਜਿੰਦਰ ਕੁਮਾਰ, ਤਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਮਾਹਿਲਪੁਰ, (ਜ. ਬ.)-ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਲੋਕਾਂ ਨੂੰ ਇਕ ਹੀ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇਣ ਦਾ ਉਪਰਾਲਾ ਤਾਂ ਕੀਤਾ ਸੀ ਪਰ ਇਥੇ ਕੰਮ ਕਰਵਾਉਣ ਆਏ ਲੋਕਾਂ ਨੂੰ ਆਪਣੇ ਕੰਮਾਂ ਲਈ ਕਿੰਨੇ ਗੇੜੇ ਮਾਰਨੇ ਪੈਂਦੇ ਹਨ, ਇਹ ਤਾਂ ਸਿਰਫ ਉਹੀ ਜਾਣਦੇ ਹਨ। ਜਿਹੜੇ ਸਰਟੀਫਿਕੇਟ ਪਹਿਲਾਂ 1-2 ਦਿਨਾਂ ਵਿਚ ਬਣ ਜਾਂਦੇ ਸਨ, ਉਹ ਬਣਵਾਉਣ ਲਈ ਹੁਣ 10-12 ਦਿਨਾਂ ਦਾ ਸਮਾਂ ਲੱਗਣਾ ਤਾਂ ਮਾਮੂਲੀ ਜਿਹੀ ਗੱਲ ਹੈ।
ਅੱਜ ਸਵੇਰ ਤੋਂ ਸੁਵਿਧਾ ਕੇਂਦਰ ਦੇ ਕਰਮਚਾਰੀਆਂ ਦੇ ਹੜਤਾਲ ‘ਤੇ ਹੋਣ ਕਾਰਨ ਲੋਕਾਂ ਨੂੰ ਪੂਰਾ ਦਿਨ ਖੱਜਲ-ਖੁਆਰ ਹੋਣਾ ਪਿਆ। ਅੱਜ ਕੰਮ ਕਰਵਾਉਣ ਆਏ ਸਤਨਾਮ ਸਿੰਘ ਬਾੜੀਆਂ, ਮਨੋਜ ਕੁਮਾਰ ਜਾਂਗਲੀਆਣਾ, ਦੀਪਕ ਕੁਮਾਰ, ਗੁਰਜੀਤ ਸਿੰਘ ਮਾਹਿਲਪੁਰ, ਕੈਪਟਨ ਰੇਸ਼ਮ ਚੰਦ, ਚਰਨਜੀਤ ਸਿੰਘ, ਕਿਸ਼ਨ ਸਿੰਘ ਆਦਿ ਨੇ ਦੱਸਿਆ ਕਿ ਉਹ ਕੰਮਾਂ ਤੋਂ ਛੁੱਟੀ ਕਰ ਕੇ ਜਦੋਂ ਵੀ ਆਪਣਾ ਕੰਮ ਕਰਵਾਉਣ ਆਉਂਦੇ ਹਨ ਤਾਂ ਉਨ੍ਹਾਂ ਨੂੰ ਕਈ-ਕਈ ਘੰਟੇ ਲਾਈਨਾਂ ਵਿਚ ਲੱਗਣਾ ਪੈਂਦਾ ਹੈ। ਮਨੋਜ ਕੁਮਾਰ ਜਾਂਗਲੀਆਣਾ ਨੇ ਦੱਸਿਆ ਕਿ ਉਹ ਆਪਣੀ 6 ਸਾਲਾ ਲੜਕੀ ਦਾ ਆਧਾਰ ਕਾਰਡ ਬਣਵਾਉਣ ਲਈ ਅੱਜ 5ਵੀਂ ਵਾਰ ਆਇਆ ਹੈ ਅਤੇ ਅੱਜ ਵੀ ਕੇਂਦਰ ਦੇ ਦਰਵਾਜ਼ੇ ‘ਤੇ ਤਾਲਾ ਲੱਗਾ ਹੋਣ ਕਾਰਨ ਉਸ ਨੂੰ ਬਿਨਾਂ ਕੰਮ ਹੋਏ ਖਾਲੀ ਹੱਥ ਪਰਤਣਾ ਪਿਆ ਹੈ।
ਇਸ ਸਬੰਧੀ ਮਾਹਿਲਪੁਰ ਕੇਂਦਰ ਦੇ ਸੁਪਰਵਾਈਜ਼ਰ ਰਾਕੇਸ਼ ਕੁਮਾਰ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ 5 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰ ਕੇ ਅੱਜ ਜ਼ਿਲੇ ਦੇ ਸਾਰੇ ਕੇਂਦਰਾਂ ਦੇ ਸਮੂਹ ਕਰਮਚਾਰੀ ਕੰਮਕਾਜ ਮੁਕੰਮਲ ਬੰਦ ਕਰ ਕੇ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੰਗਾਂ ਸਬੰਧੀ ਪੱਤਰ ਦੇਣ ਲਈ ਸੈਕਟਰੀਏਟ ਹੁਸ਼ਿਆਰਪੁਰ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਹੀ ਮੁੜ ਕੰਮਕਾਜ ਸ਼ੁਰੂ ਕੀਤਾ ਜਾਵੇਗਾ। ਕੰਮ ਵਿਚ ਦੇਰੀ ਹੋਣ ਸਬੰਧੀ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਕਈ ਵਾਰ ਨੈੱਟਵਰਕ ਦੀ ਸਮੱਸਿਆ ਕਾਰਨ ਵੀ ਮੁਸ਼ਕਿਲ ਪੇਸ਼ ਆਉਂਦੀ ਹੈ ਪਰ ਕਿਸੇ ਵੀ ਸਰਟੀਫਿਕੇਟ ਨੂੰ ਆਨਲਾਈਨ ਕਰਨ ਲਈ ਘੱਟੋ-ਘੱਟ 10 ਦਿਨ ਦਾ ਸਮਾਂ ਤਾਂ ਲੱਗ ਹੀ ਜਾਂਦਾ ਹੈ, ਜਿਸ ਨੂੰ ਲੋਕ ਦੇਰੀ ਸਮਝਣ ਲੱਗ ਪੈਂਦੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਪਹਿਲਾਂ ਜਿਹੜਾ ਕੰਮ 1-2 ਦਿਨਾਂ ਵਿਚ ਹੁੰਦਾ ਸੀ ਹੁਣ ਉਸੇ ਕੰਮ ਨੂੰ 10-12 ਦਿਨ ਲੱਗ ਜਾਣ ਤਾਂ ਲੋਕ ਉਸ ਨੂੰ ਕੰਮ ਵਿਚ ਦੇਰੀ ਨਹੀਂ ਤਾਂ ਹੋਰ ਕੀ ਕਹਿਣ?























