

ਬਠਿੰਡਾ: ਅਕਾਲੀ ਦਲ ਦੀ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਦੀ ਇੱਕ ਵੀਡੀਓ ਕੱਲ੍ਹ ਤੋਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਵਿੱਚ ਹਰਸਿਮਰਤ ਬਾਦਲ ਅੰਗਰੇਜ਼ੀ ਬੋਲਦੇ-ਬੋਲਦੇ ਕੁਝ ਸ਼ਬਦ ਪੰਜਾਬੀ ਦੇ ਕਹਿ ਜਾਂਦੇ ਹਨ। ਇਸ ਕਾਰਨ ਉਹ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਵੀ ਹੋ ਰਹੇ ਹਨ। ਇਸ ਬਾਰੇ ਉਨ੍ਹਾਂ ਕਿਹਾ ਹੈ ਕਿ ਉਹ ਕਾਹਲੀ ਵਿੱਚ ਅਗ੍ਰੇਜ਼ੀ ਬੋਲ ਗਏ ਤੇ ਭੁੱਲ ਗਏ। ਅੱਜ ਬਠਿੰਡਾ ਵਿੱਚ ਧੰਨਵਾਦ ਦੌਰੇ ਮੌਕੇ ਮੀਡੀਆ ਨਾਲ ਇਸ ਬਾਰੇ ਗੱਲਬਾਤ ਹੋਈ ਤਾਂ ਉਹ ਆਪ ਵੀ ਹੱਸਣ ਲੱਗ ਗਏ।
ਦਰਅਸਲ, ਬੀਤੀ ਦੇਰ ਰਾਤ ਹਰਸਿਮਰਤ ਬਾਦਲ ਬਠਿੰਡਾ-ਬਾਦਲ ਸੜਕ ‘ਤੇ ਟੋਏ ਹੋਣ ਕਰਕੇ ਜ਼ਖ਼ਮੀ ਹੋਏ ਸਕੂਟਰ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਤਿੰਨ ਪੋਤਰੇ ਤੇ ਪੋਤਰੀਆਂ ਨੂੰ ਸਹਾਇਤਾ ਦੇਣ ਲਈ ਰੁਕੇ ਸਨ। ਬਾਦਲ ਨੇ ਜ਼ਖ਼ਮੀ ਬੱਚਿਆਂ ਦੀ -ਪੱਟੀ ਵੀ ਕੀਤੀ ਤੇ ਸੜਕ ਵਿਚਲੇ ਡੂੰਘੇ ਟੋਏ ਦੀ ਮੁਰੰਮਤ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਫ਼ੋਨ ‘ਤੇ ਨਿਰਦੇਸ਼ ਵੀ ਦੇਣ ਲੱਗੇ। ਇਸੇ ਦੌਰਾਨ ਉਨ੍ਹਾਂ ਦੇ ਮੂੰਹੋਂ “ਦੇਅਰ ਇਜ਼ ਬਿੱਗ ਟੋਆ ਇਨ ਦ ਸੜਕ” ਨਿਕਲ ਗਿਆ।
ਇਸ ਬਾਰੇ ਸਫ਼ਾਈ ਦਿੰਦਿਆਂ ਹਰਸਿਮਰਤ ਕੌਰ ਨੇ ਕਿਹਾ ਕਿ ਜਿਸ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਫੋਨ ਕੀਤਾ ਸੀ ਉਹ ਜ਼ਿਆਦਾ ਅੰਗ੍ਰੇਜ਼ੀ ਹੀ ਸਮਝਦੇ ਹਨ ਕਿਉਂਕਿ ਇਹ ਸਾਊਥ ਇੰਡੀਆ ਦੇ ਰਹਿਣ ਵਾਲੇ ਹਨ। ਇਸ ਲਈ ਉਨ੍ਹਾਂ ਅੰਗ੍ਰੇਜ਼ੀ ਵਿੱਚ ਗੱਲ ਕੀਤੀ ਤੇ ਜਲਦੀ ਵਿੱਚ ਬੋਲਦਿਆਂ ਉਹ ਭੁੱਲ ਗਏ।
ਇਸ ਤੋਂ ਇਲਾਵਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਾਜਾ ਵੜਿੰਗ ਦੀ ਹਾਰ ‘ਤੇ ਉਨ੍ਹਾਂ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਵਾਲੇ ਬਿਆਨ ਸਬੰਧੀ ਹਰਸਿਮਰਤ ਕੌਰ ਨੇ ਕਿਹਾ ਕਿ ਉਹ ਖ਼ਜ਼ਾਨਾ ਮੰਤਰੀ ਨਹੀਂ, ਪਲਟੂ ਮੰਤਰੀ ਹਨ ਜੋ ਪਤਾ ਨਹੀਂ ਕਦੋਂ ਆਪਣੇ ਬਿਆਨ ਤੋਂ ਪਲਟ ਜਾਣ।
ਦੇਖੋ ਪੂਰੀ ਵੀਡੀਓ-























