

ਮਾਨਸਾ, 30 ਜਨਵਰੀ (ਸਾਰਾ ਯਹਾ,(ਹੀਰਾ ਮਿੱਤਲ) : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮਾਨਸਾ ਵੱਲੋਂ ਪਿੰਡ ਦੂਲੋਵਾਲ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਡਾ. ਗੁਰਾਦਿੱਤਾ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਾੜ੍ਹੀ ਦੀਆਂ ਮੁੱਖ ਫਸਲਾਂ ਅਤੇ ਝੌਨੇ ਦੀ ਪਰਾਲੀ ਦੀ ਸੁਚੱਜੀ ਸਾਭ-ਸੰਭਾਲ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਸ਼ੁਸ਼ਮਾ ਦੇਵੀ ਨੇ ਸ਼ਿਰਕਤ ਕੀਤੀ। ਇਸ ਕੈਂਪ ਵਿੱਚ ਲਗਭਗ 100 ਕਿਸਾਨਾਂ ਨੇ ਭਾਗ ਲਿਆ।
ਇਸ ਮੌਕੇ ਸ਼੍ਰੀਮਤੀ ਸੁਸ਼ਮਾ ਦੇਵੀ ਨੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੀ ਸਿਫਾਰਸ਼ ਮੁਤਾਬਿਕ ਝੋਨੇ ਦੀ ਪਰਾਲੀ ਨੂੰ ਸੰਭਾਲਣ ਦੇ ਹੱਲ ਕੱਢਣ, ਉਨ੍ਹਾਂ ਨੇ ਪਰਾਲੀ ਨੂੰ ਨਾ ਸਾੜਨ ਦੀ ਅਪੀਲ ਕੀਤੀ, ਤਾਂ ਜੋ ਆਪਾਂ ਸਾਰੇ ਰਲ-ਮਿਲ ਕੇ ਆਪਣੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣ ਵਿੱਚ ਆਪਣਾ ਬਣਦਾ ਯੌਗਦਾਨ ਪਾਈਏ। ਉਨ੍ਹਾਂ ਕਿਹਾ ਕਿ ਜੇਕਰ ਆਪਣਾ ਵਾਤਾਵਰਨ ਸਾਫ-ਸੁਥਰਾ ਹੋਵੇਗਾ, ਤਾਂ ਹੀ ਆਪਾਂ ਖੁਦ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਿਮਾਰੀਆਂ ਤੋਂ ਬਚ ਸਕਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਜਿਲ੍ਹਾ ਕਾਨੂੰਨੀ ਸਹਾਇਤਾ ਸੇਵਾਵਾਂ, ਮਾਨਸਾ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਉਨ੍ਹਾਂ ਦੇ ਨਾਲ ਆਏ ਐਡਵੋਕੇਟ ਸ਼੍ਰੀਮਤੀ ਬਲਬੀਰ ਕੌਰ ਨੇ ਵੀ ਆਪਣੇ ਸੰਬੋਧਨ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਸਹਾਇਕ ਪੌਦਾ ਸੁਰੱਖਿਆ ਅਫ਼ਸਰ ਡਾ. ਡੂੰਗਰ ਸਿੰਘ ਬਰਾੜ ਨੇ ਕਿਸਾਨਾਂ ਨੂੰ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਕਿਹਾ ਕੇ ਮਾਨਸਾ ਜਿਲ੍ਹੇ ਵਿੱਚ ਸਾਉਣੀ 2018 ਵਿੱਚ ਝੌਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ 11 ਕਰੋੜ ਦੀ ਖੇਤੀ ਮਸ਼ੀਨਰੀ ਕਿਸਾਨਾਂ ਨੂੰ ਉਪਦਾਨ ‘ਤੇ ਮੁਹੱਈਆ ਕਰਵਾਈ ਗਈ ਹੈ।
ਡਾ. ਚਮਨਦੀਪ ਸਿੰਘ, ਡੀ.ਪੀ.ਡੀ. (ਆਤਮਾ), ਮਾਨਸਾ ਵੱਲੋਂ ਹਾੜ੍ਹੀ ਦੀਆਂ ਮੁੱਖ ਫਸਲਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਵਿਚ ਮਾਨਸਾ ਜਿਲ੍ਹੇ ਵਿੱਚ ਕੁੱਝ ਖੇਤਾਂ ਵਿੱਚ ਮੈਗਨੀਜ਼ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਦੇਖੀਆਂ ਗਈਆਂ ਹਨ। ਇਹਨਾਂ ਖੇਤਾਂ ਵਿੱਚ ਇੱਕ ਕਿਲੋ ਮੈਗਨੀਜ਼ ਸਲਫੇਟ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਹ ਕਰਨ ਦੀ ਸਲਾਹ ਦਿੱਤੀ।
ਇਸ ਤੋਂ ਇਲਾਵਾ ਹੋਰ ਖੇਤੀਬਾੜੀ ਮਾਹਿਰਾਂ ਨੇ ਪਰਾਲੀ ਦੀ ਸਾਂਭ-ਸੰਭਾਲ, ਹੈਪੀ ਸੀਡਰ ਰਾਹੀਂ ਬੀਜੀ ਗਈ ਕਣਕ ਨੂੰ ਕਾਮਯਾਬ ਕਰਨ, ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਅਤੇ ਸੈਂਪਲ ਲੈਣ ਦੇ ਤਰੀਕੇ ਬਾਰੇ ਕਿਸਾਨਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਕੈਂਪ ਵਿੱਚ ਖੇਤੀਬਾੜੀ ਵਿਕਾਸ ਅਫਸਰ ਝੁਨੀਰ ਡਾ. ਹਰਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਮਾਨਸਾ ਡਾ. ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਭਾਗ ਦੇ ਬਲਾਕ ਮਾਨਸਾ ਦੇ ਹਰਚੇਤ ਸਿੰਘ, ਗੁਰਬਖਸ਼ ਸਿੰਘ ਅਤੇ ਬਿੱਕਰ ਸਿੰਘ ਖੇਤੀਬਾੜੀ ਉਪ-ਨਿਰੀਖਕਾਂ ਅਤੇ ਪਰਾਗਦੀਪ ਸਿੰਘ, ਬੀ.ਟੀ.ਐਮ. , ਮਨਪ੍ਰੀਤ ਕੌਰ ਅਤੇ ਰਜਿੰਦਰ ਕੁਮਾਰ ਮੌਜੂਦ ਸਨ।
EDITED BY : SARA YAHA | | Last Updated : 7:09 pm 31 ਜਨਵਰੀ 2019























