

ਮਾਨਸਾ, 9 ਜਨਵਰੀ (ਹੀਰਾ ਮਿੱਤਲ): ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ਼੍ਰੀ ਪ੍ਰਸ਼ਾਂਤ ਕੁਮਾਰ ਗੋਇਲ ਅਤੇ ਆਈ.ਈ.ਡੀ. ਪੰਜਾਬ ਕੰਪੋਨੈਂਟ ਦੇ ਡਿਪਟੀ ਮੈਨੇਜਰ ਮੈਡਮ ਸਲੋਨੀ ਕੌਰ ਦੇ ਨਿਰਦੇਸ਼ਾਂ ਅਨੁਸਾਰ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਦੇ ਤਹਿਤ ਚਲ ਰਹੇ ਆਈ.ਈ.ਡੀ/ਆਈ.ਈ.ਡੀ.ਐਸ.ਐਸ. ਕੰਪੋਨੈਂਟ ਅਧੀਨ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਮਾਨਸਾ ਸ਼੍ਰੀਮਤੀ ਰਾਜਿੰਦਰ ਕੌਰ ਦੀ ਅਗਵਾਈ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਬੁਢਲਾਡਾ ਵੱਲੋਂ ਗੁਰੂ ਤੇਗ ਬਹਾਦਰ ਸਟੇਡੀਅਮ ਨੇੜੇ ਆਈ.ਟੀ.ਆਈ ਬੁਢਲਾਡਾ ਵਿਖੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੇ ਦਿਵਿਆਂਗ ਬੱਚਿਆਂ ਦੀਆਂ ਦੌੜ, ਤੇਜ ਤੁਰਨਾ, ਛਾਲ ਮਾਰਨਾ ਅਤੇ ਗੋਲਾ ਸੁੱਟਣਾ ਆਦਿ ਖੇਡ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਰੇਟਾ ਸ੍ਰੀ ਤਰਸੇਮ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਬੱਚਿਆਂ ਨੂੰ ਰਿਫਰੈੱਸ਼ਮੈਂਟ, ਕਿਰਾਇਆ ਅਤੇ ਖੇਡਾਂ ਦਾ ਸਾਰਾ ਪ੍ਰਬੰਧ ਬਲਾਕ ਪ੍ਰਾਇਮਰੀ ਦਫ਼ਤਰ ਬੁਢਲਾਡਾ ਵੱਲੋਂ ਕੀਤਾ ਗਿਆ। ਇਹਨਾਂ ਮੁਕਾਬਲਿਆਂ ਵਿੱਚ ਦਿਵਿਆਂਗ ਬੱਚਿਆਂ ਨੇ ਵਧੀਆ ਪੇਸ਼ਕਾਰੀ ਕੀਤੀ। ਇਸ ਖੇਡ ਮੁਕਾਬਲੇ ਮੌਕੇ ਡੀ.ਐਸ.ਈ. ਸ੍ਰੀ ਰਾਕੇਸ਼ ਕੁਮਾਰ ਅਤੇ ਡੀ.ਐਸ.ਈ.ਟੀ. ਸ੍ਰੀ ਤਰਸੇਮ ਸਿੰਘ ਨੇ ਦੱਸਿਆ ਕਿ ਕੰਪੋਨੈਂਟ ਵੱਲੋਂ ਅਕਸਰ ਅਜਿਹੇ ਉਤਸ਼ਾਹਪੂਰਵਕ ਸਮਾਗਮ ਕਰਵਾਏ ਜਾਂਦੇ ਹਨ, ਜਿਨ੍ਹਾਂ ਨਾਲ ਦਿਵਿਆਂਗ ਬੱਚਿਆਂ ਦੀ ਪ੍ਰਤਿਭਾ ਵਿੱਚ ਹੋਰ ਨਿਖਾਰ ਆਉਂਦਾ ਹੈ।
ਉਨ੍ਹਾਂ ਪ੍ਰੋਗਰਾਮ ਵਿੱਚ ਸ਼ਾਮਲ ਅਧਿਆਪਕਾਂ ਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿਵਿਆਂਗ ਬੱਚਿਆਂ ਦੀ ਸਾਂਭ ਸੰਭਾਲ ਲਈ ਕੰਮ ਕਰਨ ਵਾਲੇ ਅਧਿਆਪਕਾਂ ਦੀ ਸੇਵਾ ਦੀ ਪ੍ਰਸੰਸਾ ਕਰਦਾ ਹਾਂ ਕਿਉਂਕਿ ਇਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਦੇ ਮੌਕੇ ਪ੍ਰਦਾਨ ਕਰਨਾ ਅਧਿਆਪਕਾਂ ਦੀ ਵੱਡੀ ਦੇਣ ਹੈ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਸ੍ਰੀ ਰਾਕੇਸ਼ ਕੁਮਾਰ ਅਤੇ ਸ੍ਰੀ ਤਰਸੇਮ ਸਿੰਘ ਵੱਲੋਂ ਕੀਤੀ ਗਈ।
EDITED BY : SARA YAHA | | Last Updated : 7:57 PM 9 ਜਨਵਰੀ 2018
























