

ਮਾਨਸਾ, 09 ਜਨਵਰੀ (ਹੀਰਾ ਮਿੱਤਲ): ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਕੋਲੋਂ ਉਨ੍ਹਾਂ ਦੇ ਕੀਤੇ ਕੰਮਾਂ ਦੀ ਜਾਣਕਾਰੀ ਲਈ।
ਇਸ ਮੌਕੇ ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਤੋਂ ਰਿਕਵਰੀ ਦੇ ਸਬੰਧਤ ਸਾਰੇ ਕੇਸਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਿਕਵਰੀ ਕਰਨ ਦੀ ਪ੍ਰਕਿਰਿਆ ਵਿਚ ਹੋਰ ਤੇਜੀ ਲਿਆਂਦੀ ਜਾਵੇ। ਇਸ ਉਪਰੰਤ ਉਨ੍ਹਾਂ ਪੀ.ਐਲ.ਆਰ.ਐਸ (ਪੰਜਾਬ ਲੈਂਡ ਰਿਕਾਰਡ ਸੁਸਾਇਟੀ) ਦੇ ਬਕਾਇਆ ਕੇਸਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਇੰਤਕਾਲ, ਜਮ੍ਹਾਬੰਦੀ, ਖੇਵਟਾਂ ਅਤੇ ਮੁਰੱਬਾਬੰਦੀ ਦੇ ਕੇਸ ਸਮਾਂ ਰਹਿੰਦਿਆਂ ਹੀ ਨਿਪਟਾਏ ਜਾਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ਇਸ ਲਈ ਸਮਾਂ ਰਹਿੰਦਿਆਂ ਹੀ ਉਨ੍ਹਾਂ ਦੇ ਕੰਮਾਂ ਦਾ ਨਿਪਟਾਰਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਓਪਰੇਸ਼ਨ ਐਂਡ ਮੈਂਟੀਨੈਂਸ ਸੁਸਾਇਟੀ ਅਤੇ ਆਮਦਨ ਦੇ ਵੇਰਵਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਪਲਾਸਟਿਕ ਦੇ ਲਿਫਾਫਿਆਂ ਸਬੰਧੀ ਮੀਟਿੰਗ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਇਲਾਕੇ ਵਿੱਚ ਚੈਕਿੰਗ ਯਕੀਨੀ ਬਣਾਉਣ ਅਤੇ ਜੇਕਰ ਕੋਈ ਦੁਕਾਨਦਾਰ ਜਾਂ ਗ੍ਰਾਹਕ ਪਲਾਸਟਿਕ ਦੇ ਬੈਨ ਲਿਫਾਫਿਆਂ ਦੀ ਵਰਤੋਂ ਕਰਦਾ ਪਾਇਆ ਜਾਂਦਾ ਹੈ, ਤਾਂ ਉਸਦਾ ਤੁਰੰਤ ਚਲਾਣ ਕੀਤਾ ਜਾਵੇ।
ਉਨ੍ਹਾਂ ਕਾਰਜ ਸਾਧਕ ਅਫ਼ਸਰਾਂ ਨੂੰ 3 ਡੀ ਪ੍ਰੋਜੈਕਟ ਸਬੰਧੀ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਲਈ ਕਿਹਾ, ਤਾਂ ਜੋ ਜਲਦੀ ਹੀ ਜ਼ਿਲ੍ਹਾ ਮਾਨਸਾ ਨੂੰ ਕੂੜਾ ਅਤੇ ਡੰਪ ਮੁਕਤ ਜ਼ਿਲ੍ਹਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਇਸ ਸਬੰਧੀ ਰੱਖੇ ਗਏ ਪ੍ਰੇਰਕ ਲੋਕਾਂ ਨੂੰ ਤਿੰਨ ਡਸਟਬਿਨਾਂ ਸਬੰਧੀ ਜਾਗਰੂਕ ਕਰਨ। ਉਨ੍ਹਾਂ ਨਾਲ ਹੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੀ.ਬੀ.ਗਰਾਮ ‘ਤੇ ਆਈਆਂ ਸ਼ਿਕਾਇਤਾਂ ਦਾ ਵੀ ਜਲਦ ਤੋਂ ਜਲਦ ਨਿਪਟਾਰਾ ਯਕੀਨੀ ਬਣਾਇਆ ਜਾਵੇ,
ਇਸ ਮੌਕੇ ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ.ਬੁਢਲਾਡਾ ਸ੍ਰੀ ਆਦਿੱਤਯ ਡੱਚਲਵਾਲ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਲਤੀਫ਼ ਅਹਿਮਦ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਦਿਨੇਸ਼ ਵਸ਼ਿਸ਼ਟ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
EDITED BY : SARA YAHA | | Last Updated : 7:59 PM 9 ਜਨਵਰੀ 2018
























