

ਬੁਢਲਾਡਾ, (ਸਾਰਾ ਯਹਾਂ/ਮਹਿਤਾ ਅਮਨ) : ਸਰਕਾਰੀ ਜੱਚਾ-ਬੱਚਾ ਹਸਪਤਾਲ, ਬੁਢਲਾਡਾ ਵਿੱਚ ਵਾਪਰੀ ਇਕ ਦੁਖਦਾਈ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਿੰਡ ਗੋਬਿੰਦਪੁਰਾ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਮਹਿਲਾ ਦੇ ਗਰਭ ਅੰਦਰ ਬੱਚੇ ਦੀ ਮੌਤ ਹੋ ਗਈ, ਜਿਸ ਸਬੰਧੀ ਉਹ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਅਨੁਸਾਰ 2 ਮਾਰਚ ਦੀ ਦੁਪਹਿਰ ਮਹਿਲਾ ਨੂੰ ਨਿਯਮਿਤ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਵੇਲੇ ਹਾਲਤ ਸਧਾਰਣ ਦੱਸੀ ਗਈ ਅਤੇ 10 ਦਿਨਾਂ ਬਾਅਦ ਮੁੜ ਦਿਖਾਉਣ ਲਈ ਕਿਹਾ ਗਿਆ। ਮਹਿਲਾ ਵੱਲੋਂ ਹਲਕੇ ਦਰਦ ਬਾਰੇ ਜਾਣਕਾਰੀ ਵੀ ਦਿੱਤੀ ਗਈ ਸੀ।
ਉਨ੍ਹਾਂ ਦੇ ਮੁਤਾਬਕ ਸ਼ਾਮ ਸਮੇਂ ਦਰਦ ਵਿੱਚ ਅਚਾਨਕ ਵਾਧਾ ਹੋ ਗਿਆ, ਜਿਸ ਤੋਂ ਬਾਅਦ ਉਹ ਮਹਿਲਾ ਨੂੰ ਮੁੜ ਹਸਪਤਾਲ ਲੈ ਕੇ ਪਹੁੰਚੇ। ਪਰਿਵਾਰ ਦਾ ਕਹਿਣਾ ਹੈ ਕਿ ਉਸ ਵੇਲੇ ਅਲਟਰਾਸਾਊਂਡ ਦੀ ਸਹੂਲਤ ਹਸਪਤਾਲ ਵਿੱਚ ਮੌਜੂਦ ਨਹੀਂ ਸੀ ਅਤੇ ਉਨ੍ਹਾਂ ਨੂੰ ਜਾਂਚ ਲਈ ਬਾਹਰ ਭੇਜਿਆ ਗਿਆ। ਬਾਹਰ ਕਰਵਾਏ ਗਏ ਅਲਟਰਾਸਾਊਂਡ ਵਿੱਚ ਗਰਭ ਅੰਦਰ ਬੱਚੇ ਦੀ ਮੌਤ ਦੀ ਪੁਸ਼ਟੀ ਹੋਈ। ਪਰਿਵਾਰ ਵੱਲੋਂ ਮੀਡੀਆ ਅੱਗੇ ਆ ਕੇ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਡਿਊਟੀ ਰਿਕਾਰਡ, ਜਾਂਚ ਪ੍ਰਕਿਰਿਆ ਅਤੇ ਉਪਲਬਧ ਸਹੂਲਤਾਂ ਦੀ ਪੜਤਾਲ ਕੀਤੀ ਜਾਵੇ। ਇਸ ਸਬੰਧੀ ਔਰਤਾਂ ਦੀ ਮਾਹਰ ਡਾ. ਨਿਸ਼ਾ ਸਿੰਗਲਾ ਨੇ ਕਿਹਾ ਕਿ ਦੁਪਹਿਰ ਸਮੇਂ ਮਰੀਜ਼ਾ ਦੀ ਪੂਰੀ ਤਬੀਅਤ ਜਾਂਚ ਕੀਤੀ ਗਈ ਸੀ ਅਤੇ ਉਸ ਵੇਲੇ ਸਾਰੇ ਵਾਈਟਲ ਅਤੇ ਬੱਚੇ ਦੀ ਧੜਕਣ ਸਧਾਰਣ ਸੀ। ਉਨ੍ਹਾਂ ਮੁਤਾਬਕ ਕੋਈ ਐਮਰਜੈਂਸੀ ਲੱਛਣ ਨਹੀਂ ਸਨ ਅਤੇ ਰਾਤ ਸਮੇਂ ਮਰੀਜ਼ਾ ਨੂੰ ਲਿਆਂਦੇ ਜਾਣ ‘ਤੇ ਮੈਡੀਕਲ ਪ੍ਰੋਟੋਕਾਲ ਅਨੁਸਾਰ ਕਾਰਵਾਈ ਕੀਤੀ ਗਈ।























