

ਬੁਢਲਾਡਾ, 3 ਮਾਰਚ: (ਸਾਰਾ ਯਹਾਂ/ ਅਮਨ ਮਹਿਤਾ ) : ਬਾਲ ਭਲਾਈ ਕਮੇਟੀ , ਚਾਈਲਡ ਲਾਈਨ ਮਾਨਸਾ ਅਤੇ ਸੰਜੀਵੀਨੀ ਵੈਲਫੇਅਰ ਸੋਸਾਇਟੀ ਬੁਢਲਾਡਾ ਦੀ ਦੇਖ ਰੇਖ ਹੇਠ ਇਕ ਮੱਧ ਬੁੱਧੀ ਬੱਚੇ ਨੂੰ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਇਹ ਬੱਚਾ ਬੀਤੇ ਦਿਨੀ ਇੱਕ ਇਲਾਕੇ ਵਿੱਚ ਲਾਵਾਰਿਸ ਹਾਲਤ ਵਿੱਚ ਮਿਲਿਆ ਸੀ, ਜਿਸ ਤੋਂ ਬਾਅਦ ਉਸਨੂੰ ਸੁਰੱਖਿਆ ਵਜੋਂ ਚਾਈਲਡ ਲਾਈਨ ਮਾਨਸਾ ਵਿੱਚ ਰੱਖਿਆ ਗਿਆ ਸੀ।ਜਿਲ੍ਹਾ ਚਾਈਲਡ ਲਾਈਨ ਮਾਨਸਾ ਅਤੇ ਸੰਜੀਵੀਨੀ ਵੈਲਫੇਅਰ ਸੋਸਾਇਟੀ ਬੁਢਲਾਡਾ ਵਲੋਂ ਬੱਚੇ ਦੀ ਪਹਿਚਾਣ ਅਤੇ ਪਰਿਵਾਰ ਬਾਰੇ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਮਾਪਿਆਂ ਨੂੰ ਸੂਚਿਤ ਕੀਤਾ ਗਿਆ। ਲਾਜ਼ਮੀ ਕਾਗਜ਼ੀ ਕਾਰਵਾਈ ਅਤੇ ਪੜਤਾਲ ਪੂਰੀ ਕਰਨ ਉਪਰੰਤ ਬੱਚੇ ਨੂੰ ਸੁਰੱਖਿਅਤ ਤਰੀਕੇ ਨਾਲ ਮਾਪਿਆਂ ਦੇ ਸਪੁਰਦ ਕੀਤਾ ਗਿਆ। ਬਾਲ ਭਲਾਈ ਕਮੇਟੀ ਦੇ ਮੈਂਬਰਾਂ ਨੇ ਮਾਪਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਬੱਚੇ ਦੀ ਖ਼ਾਸ ਦੇਖਭਾਲ ਕੀਤੀ ਜਾਵੇ ਅਤੇ ਲੋੜ ਪੈਣ ’ਤੇ ਮਾਹਿਰ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ। ਮਾਪਿਆਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਬੱਚੇ ਦੀ ਸੰਭਾਲ ਅਤੇ ਭਵਿੱਖ ਲਈ ਪੂਰਾ ਧਿਆਨ ਰੱਖਣਗੇ। ਜਿਲ੍ਹਾ ਬਾਲ ਸੁਰੱਖਿਆ ਅਫਸਰ ਮਾਨਸਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਬੱਚਾ ਲਾਵਾਰਿਸ ਹਾਲਤ ਵਿੱਚ ਮਿਲੇ ਤਾਂ ਤੁਰੰਤ ਨਜ਼ਦੀਕੀ ਥਾਣੇ ਜਾਂ ਚਾਈਲਡ ਹੈਲਪਲਾਈਨ ’ਤੇ ਸੂਚਨਾ ਦਿੱਤੀ ਜਾਵੇ।ਇਸ ਸਮੇ ਬਲਦੇਵ , ਡਾਕਟਰ ਕ੍ਰਿਸ਼ਨ ਲਾਲ ਟੀਮ ਮੈਂਬਰ ਅਤੇ ਚਾਈਲਡ ਲਾਈਨ ,ਹਾਜਰ ਸੀ।























