

ਮਾਨਸਾ, 20 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ)-ਕੇਂਦਰ ਸਰਕਾਰ ਵੱਲੋਂ ਅਮਰੀਕਾ ਦੇ ਨਾਲ ਕੀਤੇ ਗਏ ਨਵੇਂ ਵਪਾਰਕ ਸਮਝੌਤੇ ਨੇ ਪੰਜਾਬ ਦੀ ਸਿਆਸਤ ਅਤੇ ਕਿਸਾਨੀ ਹਲਕਿਆਂ ਵਿੱਚ ਇੱਕ ਨਵਾਂ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਇਸ ਸਮਝੌਤੇ ਤਹਿਤ ਭਾਰਤੀ ਬਾਜ਼ਾਰਾਂ ਨੂੰ ਅਮਰੀਕੀ ਅਨਾਜ ਅਤੇ ਹੋਰ ਵਸਤਾਂ ਲਈ ਖੋਲ੍ਹੇ ਜਾਣ ਦੇ ਵਿਰੋਧ ਵਿੱਚ ਅੱਜ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਮਾਨਸਾ ਵਿਖੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਵਲੋਂ ਜ਼ਿਲਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਰਾਹੀਂ ਭਾਰਤ ਸਰਕਾਰ ਦੇ ਨਾਮ ਇੱਕ ਮੰਗ ਪੱਤਰ ਸੌਂਪ ਕੇ ਇਸ ਸਮਝੌਤੇ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ। ਕਾਂਗਰਸ ਪਾਰਟੀ ਨੇ ਇਸ ਵਪਾਰਕ ਸੰਧੀ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਦੇ ਹਿੱਤਾਂ ’ਤੇ ਵੱਡਾ ਡਾਕਾ ਕਰਾਰ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਇਹ ਸਮਝੌਤਾ ਖ਼ਾਸ ਕਰਕੇ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਲਈ ਮੌਤ ਦੇ ਵਾਰੰਟ ਵਾਂਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪੂਰੀ ਆਰਥਿਕਤਾ, ਕਾਰੋਬਾਰ ਅਤੇ ਪਸ਼ੂ ਪਾਲਣ ਦਾ ਧੰਦਾ ਪੂਰੀ ਤਰ੍ਹਾਂ ਖੇਤੀ ’ਤੇ ਨਿਰਭਰ ਹੈ ਅਤੇ ਇਸ ਸਮਝੌਤੇ ਨਾਲ ਇਹ ਸਭ ਕੁਝ ਤਬਾਹ ਹੋ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਸਮਝੌਤਾ ਲਾਗੂ ਹੁੰਦਾ ਹੈ, ਤਾਂ ਭਾਰਤੀ ਬਾਜ਼ਾਰਾਂ ਵਿੱਚ ਅਮਰੀਕੀ ਅਨਾਜ, ਦੁੱਧ ਅਤੇ ਇਨ੍ਹਾਂ ਤੋਂ ਬਣੇ ਹੋਰ ਉਤਪਾਦ ਵੱਡੀ ਮਾਤਰਾ ਵਿੱਚ ਬਹੁਤ ਹੀ ਸਸਤੇ ਭਾਅ ’ਤੇ ਸੁੱਟੇ ਜਾਣਗੇ। ਇਹ ਇੱਕ ਸੋਚੀ-ਸਮਝੀ ਰਣਨੀਤੀ ਹੈ ਜਿਸ ਤਹਿਤ ਪਹਿਲਾਂ ਸਸਤੀਆਂ ਵਸਤਾਂ ਰਾਹੀਂ ਦੇਸ਼ ਦੇ ਬਾਜ਼ਾਰ ’ਤੇ ਕਬਜ਼ਾ ਕੀਤਾ ਜਾਵੇਗਾ ਅਤੇ ਜਦੋਂ ਦੇਸ਼ ਦੇ ਲੋਕ ਅਮਰੀਕੀ ਉਤਪਾਦਾਂ ’ਤੇ ਨਿਰਭਰ ਹੋ ਗਏ, ਤਾਂ ਇਸ ਡੀਲ ਦੇ ਰੇਟਾਂ ਵਿੱਚ ਮਨਮਾਨਾ ਵਾਧਾ ਕਰਕੇ ਲੋਕਾਂ ਦੀ ਲੁੱਟ ਕੀਤੀ ਜਾਵੇਗੀ। ਪੰਜਾਬ, ਜੋ ਕਿ ਦੇਸ਼ ਦੇ ਅੰਨ ਭੰਡਾਰ ਵਿੱਚ ਸਭ ਤੋਂ ਵੱਡਾ ਹਿੱਸਾ ਪਾਉਂਦਾ ਹੈ, ਇਸ ਫੈਸਲੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਤਿੰਨ ਕਾਲੇ ਖੇਤੀ ਕਾਨੂੰਨ ਲੈ ਕੇ ਆਈ ਸੀ, ਜਿਨ੍ਹਾਂ ਨੂੰ ਕਿਸਾਨਾਂ ਅਤੇ ਕਾਂਗਰਸ ਦੇ ਸਖ਼ਤ ਵਿਰੋਧ ਤੋਂ ਬਾਅਦ ਵਾਪਸ ਲੈਣਾ ਪਿਆ ਸੀ। ਹੁਣ ਕੇਂਦਰ ਸਰਕਾਰ ਨੇ ਕਿਸਾਨੀ ਅਤੇ ਖੇਤੀ ਨੂੰ ਪਿੱਛੇ ਧੱਕਣ ਲਈ ਅਮਰੀਕਾ ਨਾਲ ਇਹ ਨਵਾਂ ਵਪਾਰਕ ਰਾਹ ਲੱਭ ਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਕਾਰਪੋਰੇਟ ਘਰਾਣਿਆਂ ਅਤੇ ਵਿਦੇਸ਼ੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੀ ਹੈ, ਜੋ ਦੇਸ਼ ਨੂੰ ਮੁੜ ਗੁਲਾਮੀ ਅਤੇ ਵਿਦੇਸ਼ੀ ਵਸਤਾਂ ’ਤੇ ਨਿਰਭਰਤਾ ਵੱਲ ਧੱਕ ਰਹੀ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਇਸ ਮੁੱਦੇ ਨੂੰ ਜਨਤਾ ਦੀ ਕਚਹਿਰੀ ਵਿੱਚ ਲੈ ਕੇ ਜਾਵੇਗੀ ਤਾਂ ਜੋ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਇਹ ਸਮਝੌਤਾ ਆਉਣ ਵਾਲੇ ਭਵਿੱਖ ਲਈ ਕਿੰਨਾ ਘਾਤਕ ਹੈ। ਉਨ੍ਹਾਂ ਹਰ ਦੇਸ਼ ਵਾਸੀ ਨੂੰ ਅਪੀਲ ਕੀਤੀ ਕਿ ਉਹ ਪਸ਼ੂ ਧਨ, ਮਜ਼ਦੂਰਾਂ ਅਤੇ ਖੇਤੀ ’ਤੇ ਨਿਰਭਰ ਸਾਰੇ ਧੰਦਿਆਂ ਨੂੰ ਬਚਾਉਣ ਲਈ ਇਸ ਦਾ ਵਿਰੋਧ ਕਰਨ। ਇਸ ਮੌਕੇ ਬਲਕੌਰ ਸਿੰਘ ਸਿੱਧੂ, ਸੱਤਪਾਲ ਮੂਲੇਵਾਲਾ, ਬਿਕਰਮ ਮੋਫਰ, ਸਤਗੁਰ ਸਿੰਘ ਜਲਵੇੜਾ, ਸੁਰੇਸ਼ ਨੰਦਗੜ੍ਹੀਆ, ਡਾਕਟਰ ਮਨਜੀਤ ਸਿੰਘ ਲਾਜਪਤ ਰਾਏ ਸ਼ਰਮਾ, ਸਵਰਨਜੀਤ ਖੁਡਾਲ, ਗੁਰਪ੍ਰੀਤ ਵਿੱਕੀ, ਬਲਵਿੰਦਰ ਨਾਰੰਗ, ਪ੍ਰਿਤਪਾਲ ਡਾਲੀ, ਨਵੀਨ ਕਾਲਾ, ਸੁਖਦਰਸ਼ਨ ਖਾਰਾ, ਚਮਕੌਰ ਸਿੰਘ ਸਿੱਧੂ, ਜਤਿੰਦਰ ਆਗਰਾ, ਨਰੇਸ਼ ਐਮ.ਸੀ, ਸੁਰੇਸ਼ ਕੁਲਰੀਆਂ, ਲਛਮਣ ਲਖੀਆ, ਗੁਰਸ਼ਰਨ ਮਾਖਾ, ਮੱਖਣ ਸ਼ਰਮਾ, ਕੁਲਵੀਰ ਸਿੰਘ, ਨਰੋਤਮ ਚਹਿਲ, ਗਗਨ ਸਰਦੂਲਗੜ੍ਹ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
ਫੋਟੋ : ਮਾਨਸਾ : ਡੀ.ਸੀ ਨੂੰ ਮੰਗ ਪੱਤਰ ਦਿੰਦੇ ਕੁਲਵੰਤ ਰਾਏ ਸਿੰਗਲਾ ਅਤੇ ਹੋਰ।























