

ਮਾਨਸਾ, 18 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) : ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਹਿੱਤ ਬਲਾਕ ਬੁਢਲਾਡਾ ਦੇ ਪਿੰਡ ਬੀਰੋਕੇ ਕਲਾਂ ਵਿਖੇ ਆਤਮਾ ਸਕੀਮ ਅਧੀਨ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਕਰੀਬ 150 ਕਿਸਾਨਾਂ ਨੇ ਭਾਗ ਲਿਆ।
ਕੈਂਪ ਵਿੱਚ ਆਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਕੁਦਰਤੀ ਖੇਤੀ ਮਿੱਟੀ ਦੀ ਸਿਹਤ, ਪਾਣੀ ਦੀ ਸੰਭਾਲ, ਵਾਤਾਵਰਣ ਸੁਰੱਖਿਆ ਅਤੇ ਜ਼ਹਿਰ-ਮੁਕਤ ਭੋਜਨ ਲਈ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਦੱਸਿਆ ਕਿ ਕੀੜੇਮਾਰ ਜ਼ਹਿਰਾਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਜ਼ਿਥੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵਧ ਰਹੀਆਂ ਹਨ, ਉਥੇ ਕਿਸਾਨਾਂ ਦਾ ਖੇਤੀ ਖਰਚਾ ਵੀ ਕਾਫੀ ਵਧ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਪੌਸ਼ਟਿਕ ਭੋਜਨ ਪ੍ਰਦਾਨ ਕਰਨ ਦੇ ਨਾਲ-ਨਾਲ ਕਿਸਾਨਾਂ ਦੇ ਖੇਤੀ ਖਰਚੇ ਘਟਾ ਕੇ ਆਮਦਨ ਵਿੱਚ ਵਾਧਾ ਕਰਨ ਵਿੱਚ ਸਹਾਈ ਹੁੰਦੀ ਹੈ। ਮਿੱਟੀ ਦੀ ਸਿਹਤ ਵਿੱਚ ਦਿਨੋ ਦਿਨ ਨਿਘਾਰ ਆਉਣ ਦਾ ਕਾਰਨ ਵੀ ਰਸਾਇਣਕ ਖੇਤੀ ਹੈ ਅਤੇ ਕੁਦਰਤੀ ਖੇਤੀ ਮਿੱਟੀ ਵਿੱਚ ਮਿੱਤਰ ਕੀੜਿਆਂ ਅਤੇ ਸੂਖਮ ਜੀਵਾਂ ਨੂੰ ਵਧਾਉਂਦੀ ਹੈ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸ੍ਰੀ ਗੁਰਵੀਰ ਸਿੰਘ, ਏ.ਡੀ.ਓ, ਬੁਢਲਾਡਾ ਅਤੇ ਸ੍ਰੀ ਗੁਰਪ੍ਰੀਤ ਸਿੰਘ, ਏ.ਡੀ.ਓ, ਮਾਨਸਾ ਵੱਲੋਂ ਕਿਸਾਨਾਂ ਨੂੰ ਵਿਭਾਗ ਅੰਦਰ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸ੍ਰੀ ਨੀਰਜ ਜਿੰਦਲ, ਏ.ਡੀ.ਓ, ਬੁਢਲਾਡਾ, ਸ੍ਰੀ ਹਰੀ ਓਮ ਸਿੰਗਲਾ, ਏ.ਡੀ.ਓ, ਬੁਢਲਾਡਾ, ਸ੍ਰੀ ਰਵਿੰਦਰ ਸਿੰਘ, ਏ.ਡੀ.ਓ, ਭੀਖੀ, ਮਾਨਸਾ, ਸ੍ਰੀ ਜਗਨ ਨਾਥ, ਏ.ਐਸ.ਆਈ, ਸ੍ਰੀ ਸੁਖਵਿੰਦਰ ਸਿੰਘ, ਏ.ਐਸ.ਆਈ, ਬੁਢਲਾਡਾ ਅਤੇ ਸ੍ਰੀ ਨਿਰਮਲ ਸਿੰਘ, ਏ.ਟੀ.ਐਮ., ਸ੍ਰੀ ਦਲਜੀਤ ਸਿੰਘ, ਏ.ਟੀ.ਐਮ. ਤੋਂ ਇਲਾਵਾ ਸ੍ਰੀ ਸੁਖਜੀਤ ਸਿੰਘ ਕੁਦਰਤੀ ਖੇਤੀ ਵਾਲੇ ਕਿਸਾਨ ਅਤੇ ਹੋਰ ਅਗਾਂਹਵਧੂ ਕਿਸਾਨ ਹਾਜਰ ਸਨ।























