

ਮਾਨਸਾ, ਮਿਤੀ: 28 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) “: ਪੰਜਾਬ ਕਾਂਗਰਸ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਦਾ ਨਾਮ ਬਦਲ ਕੇ ਇਸਨੂੰ ਹੌਲੀ-ਹੌਲੀ ਖ਼ਤਮ ਕਰਨ ਦੀ ਸਾਜ਼ਿਸ਼ ਦਾ ਸਖ਼ਤ ਵਿਰੋਧ ਕੀਤਾ ਗਿਆ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਮਨਰੇਗਾ ਕਾਨੂੰਨ ਗਰੀਬਾਂ, ਮਜ਼ਦੂਰਾਂ ਅਤੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਰੋਜ਼ਗਾਰ ਦੀ ਗਾਰੰਟੀ ਹੈ, ਜਿਸਨੂੰ ਕਾਂਗਰਸ ਪਾਰਟੀ ਨੇ ਦੇਸ਼ ਵਿੱਚ ਲਾਗੂ ਕੀਤਾ ਸੀ। ਮੋਦੀ ਸਰਕਾਰ ਵੱਲੋਂ ਇਸ ਕਾਨੂੰਨ ਦਾ ਨਾਮ ਬਦਲਣਾ ਸਿਰਫ਼ ਇੱਕ ਨਾਂ-ਬਦਲੂ ਕਾਰਵਾਈ ਨਹੀਂ, ਬਲਕਿ ਮਨਰੇਗਾ ਦੀ ਆਤਮਾ ਨੂੰ ਖ਼ਤਮ ਕਰਨ ਵੱਲ ਇੱਕ ਹੋਰ ਕਦਮ ਹੈ।
ਕਾਂਗਰਸ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਮਨਰੇਗਾ ਲਈ ਬਜਟ ਘਟਾ ਕੇ, ਭੁਗਤਾਨ ਵਿੱਚ ਦੇਰੀ ਕਰਕੇ ਅਤੇ ਹੁਣ ਨਾਮ ਬਦਲ ਕੇ ਗਰੀਬ ਵਰਗ ਨੂੰ ਉਸਦੇ ਅਧਿਕਾਰਾਂ ਤੋਂ ਵੰਝਾ ਕਰਨਾ ਚਾਹੁੰਦੀ ਹੈ। ਇਹ ਪਿੰਡਾਂ ਦੀ ਆਰਥਿਕਤਾ ‘ਤੇ ਸਿੱਧਾ ਹਮਲਾ ਹੈ।
ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਕਿਹਾ ਕਿ ਪੰਜਾਬ ਕਾਂਗਰਸ ਪਾਰਟੀ ਮਨਰੇਗਾ ਕਾਨੂੰਨ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਇਸਦੇ ਖ਼ਿਲਾਫ਼ ਸੜਕ ਤੋਂ ਲੈ ਕੇ ਸੰਸਦ ਤੱਕ ਸੰਘਰਸ਼ ਕੀਤਾ ਜਾਵੇਗਾ।
ਅਖੀਰ ਵਿੱਚ ਕਾਂਗਰਸ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਕਾਨੂੰਨ ਦਾ ਮੂਲ ਨਾਮ ਅਤੇ ਉਸਦੀ ਮੂਲ ਆਤਮਾ ਕਾਇਮ ਰੱਖੀ ਜਾਵੇ, ਸੱਠ ਚਾਲ਼ੀ ਦੀ ਰੇਸ਼ੋ ਨੂੰ ਖ਼ਤਮ ਕਰਕੇ ਸਾਰਾ ਬਜ਼ਟ ਕੇਂਦਰ ਸਰਕਾਰ ਵੱਲੋਂ ਖਰਚਿਆ ਜਾਵੇ,ਬਕਾਇਆ ਭੁਗਤਾਨ ਤੁਰੰਤ ਜਾਰੀ ਕੀਤੇ ਜਾਣ ਅਤੇ ਗਰੀਬਾਂ ਦੇ ਹੱਕਾਂ ਨਾਲ ਖਿਲਵਾੜ ਬੰਦ ਕੀਤਾ ਜਾਵੇ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਵਿੱਕੀ, ਸੱਤਪਾਲ ਸਿੰਘ ਮੂਲੇਵਾਲ, ਐਡਵੋਕੇਟ ਬਲਕਰਨ ਸਿੰਘ ਬੱਲੀ, ਯੂਥ ਆਗੂ ਕਰਨ ਸਿੰਘ, ਧਰਮ ਪੰਨੂੰ, ਕੁਲਵੰਤ ਰਾਏ ਸਿੰਗਲਾ, ਸਵਰਨ ਸਿੰਘ, ਸਿਮਰਨਜੀਤ ਸਿੰਘ ਮਾਨਸ਼ਾਹੀਆ ਆਦਿ ਆਗੂ ਹਾਜਰ ਸਨ।























