*ਗਊਸ਼ਾਲਾ ਦੀ ਜਾਇਦਾਦ ਤੇ ਕੁੱਝ ਵਿਅਕਤੀਆਂ ਵਲੋਂ ਮਾਲਕੀ ਜਤਾਉਣ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ..!ਕੁੱਝ ਦੁਕਾਨਾਂ ਨੂੰ ਜੜੇ ਜਿੰਦਰੇ*

0
128

ਮਾਨਸਾ, 20 ਅਗਸਤ  (ਸਾਰਾ ਯਹਾਂ/ਜਗਤਾਰ ਧੰਜਲ) – ਸ਼ਹਿਰ ਦੀ ਗਊਸ਼ਾਲਾ ਮਾਰਕੀਟ ਦੀਆਂ ਦੁਕਾਨਾਂ ਤੇ ਕੁੱਝ ਵਿਅਕਤੀਆਂ ਵਲੋਂ ਮਾਲਕੀ ਜਤਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਨੂੰ ਲੈ ਕੇ ਗਊਸ਼ਾਲਾ ਕਮੇਟੀ, ਵਪਾਰ ਮੰਡਲ, ਸ਼ਹਿਰ ਦੇ ਦੁਕਾਨਦਾਰ ਅਤੇ ਦੁਕਾਨਾਂ ਤੇ ਮਾਲਕੀ ਜਤਾਉਣ ਵਾਲੇ ਵਿਅਕਤੀ ਆਹਮਣੇ ਸਾਹਮਣੇ ਹੋ ਗਏ ਹਨ। ਸ਼ਹਿਰ ਵਾਸੀਆਂ ਨੇ ਲਗਾਤਾਰ ਦੋ ਦਿਨ ਇਸ ਵਿਰੁੱਧ ਮੁਜਾਹਰਾ ਕਰਨ ਤੋਂ ਬਾਅਦ ਬੁੱਧਵਾਰ ਨੂੰ ਧਰਨਾ ਲਗਾ ਕੇ ਇਸ ਦਾ ਵਿਰੋਧ ਕੀਤਾ ਅਤੇ ਜੋ ਦੁਕਾਨਦਾਰਾਂ ਵਲੋਂ ਲੰਬੇ ਸਮੇਂ ਤੋਂ ਦੁਕਾਨਾਂ ਦਾ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਸੀ, ਉਨ੍ਹਾਂ ਤੇ ਜਿੰਦਰੇ ਜੜ ਦਿੱਤੇ। ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਵਪਾਰ ਮੰਡਲ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਮੋਨੂੰ ਦਾਨੇਵਾਲੀਆ, ਰਮੇਸ਼ ਟੋਨੀ, ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਸਮੀਰ ਛਾਬੜਾ ਨੇ ਕਿਹਾ ਕਿ ਗਊਸ਼ਾਲਾ ਦੀ ਇਹ ਜਗ੍ਹਾ ਕਰੀਬ 100 ਸਾਲ ਤੋਂ ਹੈ ਪਰ ਹੁਣ ਕੁੱਝ ਵਿਅਕਤੀ ਇਸ ਤੇ ਆਪਣੀ ਮਾਲਕੀ ਜਤਾ ਰਹੇ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨ ਦੀ ਇਸ ਜਾਇਦਾਦ ਨੂੰ ਭੂ ਮਾਫੀਆ ਦਾ ਇਕ ਗਿਰੋਹ ਹਥਿਆਉਣਾ ਚਾਹੁੰਦਾ ਹੈ। ਬੱਬੀ ਦਾਨੇਵਾਲੀਆ ਨੇ ਕਿਹਾ ਕਿ ਸੈਂਕੜੇ ਸਾਲ ਪਹਿਲਾਂ ਦਾਨ ਵਿਚ ਦਿੱਤੀ ਹੋਈ ਇਸ ਜਗ੍ਹਾ ਦਾ ਗਊਸ਼ਾਲਾ ਤੋਂ ਇਲਾਵਾ ਕੋਈ ਵੀ ਮਾਲਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁੱਝ ਵਿਅਕਤੀ ਇਸ ਦੀਆਂ ਰਜਿਸਟਰੀਆਂ ਆਪਣੇ ਨਾਂ ਹੋਣ ਦਾ ਦਾਅਵੇ ਕਰਦਿਆਂ ਇਸ ਤੇ ਕਾਬਜ ਹੋਣਾ ਚਾਹੁੰਦੇ ਹਨ ਪਰ ਸ਼ਹਿਰ ਵਾਸੀ ਅਜਿਹੇ ਭੂ ਮਾਫੀਆ ਦੇ ਗਿਰੋਹ ਨੂੰ ਗਊਸ਼ਾਲਾ ਦੀ ਇਸ ਜਾਇਦਾਦ ਤੇ ਕਾਬਜ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਤੇ ਉਸਾਰੀਆਂ ਗਈਆਂ ਦੁਕਾਨਾਂ ਦੇ ਕਿਰਾਏ ਭਾੜੇ ਨਾਲ ਹੀ ਗਊਸ਼ਾਲਾ ਚੱਲਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਇਸ ਸਬੰਧੀ ਕੋਈ ਵੀ ਆਪਣੀ ਮਾਲਕੀ ਜਾਂ ਹੱਕ ਹੋਣ ਦਾ ਰਿਕਾਰਡ, ਸਬੂਤ ਜਾਂ ਕੋਈ ਵੀ ਤੱਥ ਹੈ ਤਾਂ ਉਹ ਗਊਸ਼ਾਲਾ ਮੰਦਰ ਸੁਧਾਰ ਕਮੇਟੀ ਨਾਲ ਬੈਠ ਕੇ ਗੱਲ ਕਰ ਸਕਦਾ ਹੈ ਪਰ ਇਸ ਤਰ੍ਹਾਂ ਇਨ੍ਹਾਂ ਦੁਕਾਨਾਂ ਤੇ ਕਬਜਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਜ਼ਿਲਾ ਪ੍ਰਸ਼ਾਸ਼ਨ ਨੂੰ ਡੂੰਘੀ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਨਿਪਟਾਵੇ ਅਤੇ ਜਿਹੜੇ ਵਿਅਕਤੀ ਇਸ ਤੇ ਕਾਬਜ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸਥਿਤੀ ਪੈਦਾ ਕਰਨ ਤੋਂ ਰੋਕੇ। ਨਹੀਂ ਤਾਂ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵੀ ਝਗੜਾ, ਵਿਵਾਦ ਹੋ ਸਕਦਾ ਹੈ। ਧਰਨੇ ਵਿਚ ਪਹੁੰਚੇ ਜ਼ਿਲਾ ਯੋਜਨਾ ਬੋਰਡ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਗਊਸ਼ਾਲਾ ਦੀ ਇਸ ਜਮੀਨ ਤੇ ਕਬਜਾ ਕਰਨ ਦਾ ਵਿਰੋਧ ਕਰਦਿਆਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਇਸ ਵਿਚ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸ਼ਨ ਸਾਰੇ ਮਸਲੇ ਨੂੰ ਬੈਠ ਕੇ ਨਿਪਟਾਉਣ ਵਿਚ ਸਹਿਯੋਗ ਕਰੇਗਾ। ਇਸ ਨੂੰ ਕੋਈ ਹੋਰ ਰੰਗਤ ਨਾ ਦਿੱਤੀ ਜਾਵੇ। ਇਸ ਮੌਕੇ ਸਾਬਕਾ ਪ੍ਰਧਾਨ ਅਸ਼ੋਕ ਮੰਗਲਾ, ਸੁਰੇਸ਼ ਨੰਦਗੜ੍ਹੀਆ, ਕੌਂਸਲਰ ਵਿਸ਼ਾਲ ਜੈਨ ਗੋਲਡੀ, ਬਿੰਦਰਪਾਲ ਗਰਗ, ਤਰਸੇਮ ਮਿੱਢਾ, ਗੋਲਡੀ ਗਾਂਧੀ, ਵਿਨੋਦ ਭੰਮਾ, ਰੋਸ਼ਨ ਲਾਲ, ਚੰਦਰ ਸ਼ੇਖਰ ਨੰਦੀ, ਨਵਨੀਤ ਜਿੰਦਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here