

(ਸਾਰਾ ਯਹਾਂ/ਜਗਤਾਰ ਧੰਜਲ) : ਬਲੈਸਿੰਗਜ਼ ਪਬਲਿਕ ਸਕੂਲ ਵਿਖੇ ਮੁੱਖ ਅਧਿਆਪਿਕਾ ਅਮਿਤਾ ਗੋਇਲ ਦੀ ਅਗਵਾਈ ਹੇਠ ਵਾਯੂ ਹਾਊਸ ਵੱਲੋਂ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ’ਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਅਧਿਆਪਿਕਾ ਅਮਿਤਾ ਗੋਇਲ ਵੱਲੋਂ ਦੀਪ ਜਗਾ ਕੇ ਅਤੇ ਭਗਵਾਨ ਕ੍ਰਿਸ਼ਨ ਦੀ ਪੂਜਾ ਨਾਲ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸ਼੍ਰੀ ਕ੍ਰਿਸ਼ਨ ਦੇ ਜੀਵਨ ਤੇ ਆਧਾਰਿਤ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਸਾਰਿਆਂ ਦਾ ਮਨ ਮੋਹ ਲਿਆ। ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਜਨ ਪੇਸ਼ ਕਰ ਕੇ ਸਕੂਲ ਦਾ ਮਾਹੌਲ ਹੀ ਬਦਲ ਦਿੱਤਾ। ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਨ੍ਰਿਤ ਪੇਸ਼ ਕੀਤਾ। ਤੀਸਰੀ ਜਮਾਤ ਦੇ ਵਿਦਿਆਰਥੀ ਨੇ ਸ਼੍ਰੀ ਕ੍ਰਿਸ਼ਨ ਦੀ ਇਤਿਹਾਸਿਕ ਕਥਾ ਸੁਣਾਉਂਦੇ ਹੋਏ ਭਾਸ਼ਣ ਪੇਸ਼ ਕੀਤਾ। ਵਿਦਿਆਰਥੀਆਂ ਨੇ ਸ਼੍ਰੀ ਕ੍ਰਿਸ਼ਨ ਦਾ ਜਨਮ, ਯਸ਼ੋਦਾ ਕ੍ਰਿਸ਼ਨ ਦਾ ਪਿਆਰ, ਕ੍ਰਿਸ਼ਨ-ਸੁਦਾਮਾ ਦੀ ਮੁਲਾਕਾਤ, ਕ੍ਰਿਸ਼ਨ ਅਤੇ ਅਰਜੁਨ ਦਾ ਕਰਮ ਉਪਦੇਸ਼ ਨਾਟਕ ਰਾਹੀਂ ਪੇਸ਼ ਕਰਕੇ ਸਭ ਦਾ ਮਨ ਮੋਹਿਆ। ਸਕੂਲ ’ਚ ਸਮੂਹ ਮੈਂਬਰਾਂ ਨੂੰ ਪ੍ਰਸ਼ਾਦਿ ਵੀ ਵੰਡਿਆ ਗਿਆ। ਸ਼੍ਰੀ ਕ੍ਰਿਸ਼ਨ ਦੇ ਜਨਮ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਕਈ ਸਵਾਲ ਪੁੱਛੇ। ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਦੂਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸ਼੍ਰੀ ਕ੍ਰਿਸ਼ਨ ਤੇ ਰਾਧਾ ਦੀ ਪੁਸ਼ਾਕ ਪਹਿਨ ਕੇ ਅਲੱਗ ਰੂਪ ਪੇਸ਼ ਕੀਤਾ। ਮੁੱਖ ਅਧਿਆਪਿਕਾ ਅਮਿਤਾ ਗੋਇਲ ਨੇ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਤੇ ਬੱਚਿਆਂ ਨੂੰ ਜਨਮ ਅਸ਼ਟਮੀ ਦੀ ਮਹੱਤਤਾ ਦੱਸੀ। ਉਨ੍ਹਾਂ ਕਿਹਾ ਕਿ ਜਨਮ ਅਸ਼ਟਮੀ ਦਾ ਇਹ ਤਿਉਹਾਰ ਸਕੂਲ ਵਿੱਚ ਸਾਰਿਆਂ ਲਈ ਖੁਸ਼ੀ ਅਤੇ ਸ਼ਰਧਾ ਦਾ ਮੌਕਾ ਲੈ ਕੇ ਆਇਆ ਹੈ।























