

ਮਾਨਸਾ, 18 ਅਗਸਤ (ਸਾਰਾ ਯਹਾਂ/ਜਗਤਾਰ ਧੰਜਲਜ਼) -ਸਥਾਨਕ ਸ਼ਹਿਰ ਦੀ ਪ੍ਰਸਿੱਧ ਸ਼੍ਰੀ ਰਾਮ ਨਾਟਕ ਕਲੱਬ ਦੀ ਸਟੇਜ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਲਾਕਾਰਾਂ ਵਿਚ ਰਾਮਲੀਲਾ ਖੇਡਣ ਦਾ ਉਤਸ਼ਾਹ ਸਿਖਰ ਤੇ ਹੈ। ਜਿਸ ਨੂੰ ਲੈ ਕੇ ਰਿਹਰਸਲ ਲਈ ਪ੍ਰਬੰਧਕ ਕਮੇਟੀ ਅਤੇ ਕਲਾਕਾਰਾਂ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਇਹ ਜਾਣਕਾਰੀ ਦਿੰਦਿਆਂ ਸ਼੍ਰੀ ਰਾਮ ਨਾਟਕ ਕਲੱਬ ਦੇ ਪ੍ਰਧਾਨ ਪ੍ਰੇਮ ਸਿੰਗਲਾ, ਜਨਰਲ ਸਕੱਤਰ ਵਿਜੇ ਧੀਰ ਦੱਸਿਆ ਕਿ ਕਲੱਬ ਦੀ ਸੁਨਹਿਰੀ ਸਟੇਜ ਉਪਰ 20 ਅਗਸਤ ਨੂੰ ਸ਼ਾਮ ਸਾਢੇ 8 ਵਜੇ ਪਵਿੱਤਰ ਹਵਨ ਯੱਗ ਕਰਵਾਇਆ ਜਾਵੇਗਾ। ਜਿਸ ਉਪਰੰਤ ਡਾਇਰੈਕਟਰਾਂ ਵਲੋਂ ਕਲਾਕਾਰਾਂ ਨੂੰ ਰੋਲਾਂ ਦੀ ਵੰਡ ਉਪਰੰਤ ਰਾਮਲੀਲਾ ਖੇੋਡਣ ਲਈ ਰਿਹਰਸਲ ਦਾ ਆਰੰਭ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਕਲਾਕਾਰਾਂ ਵਿੱਚ ਰਾਮ, ਸੀਤਾ, ਲਛਮਣ,ਹਨੂੰਮਾਨ ਅਤੇ ਰਾਵਣ ਵਰਗੇ ਮੁੱਖ ਕਿਰਦਾਰ ਨਿਭਾਉਣ ਲਈ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮਲੀਲਾ ਦਾ ਮੰਚਨ ਰਾਮ ਨਾਟਕ ਕਲੱਬ ਦੀ ਸਟੇਜ ਤੇ ਪੂਰੀ ਧਾਰਮਿਕ ਆਸਥਾ ਅਤੇ ਉਤਸ਼ਾਹ ਨਾਲ ਕੀਤਾ ਜਾਵੇਗਾ। ਇਸ ਮੌਕੇ ਕਲਾਕਾਰਾਂ ਨੇ ਕਿਹਾ ਕਿ ਉਹ ਇਸ ਮਹਾਨ ਪਰੰਪਰਾ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਨ।
ਡਾਇਰੈਕਟਰ ਜਗਦੀਸ਼ ਜੋਗਾ, ਜਨਕ ਰਾਜ ਅਤੇ ਮਿਊਜਿਕ ਡਾਇਰੈਕਟਰ ਦੀਵਾਨ ਭਾਰਤੀ ਨੇ ਦੱਸਿਆ ਕਿ ਇਸ ਸਾਲ ਦੀ ਰਾਮ ਲੀਲਾ ਹੋਰ ਵੀ ਸ਼ਾਨਦਾਰ ਬਣਾਉਣ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕਲੱਬ ਵਿੱਚ ਜਿੱਥੇ ਲੰਬੇ ਸਮੇਂ ਤੋਂ ਕਲਾਕਾਰ ਅਪਣੀ ਅਦਾਕਰੀ ਨਾਲ ਲੋਕਾਂ ਨੂੰ ਅਲੋਪ ਹੋ ਰਹੇ ਧਾਰਮਿਕ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ, ਉਸ ਦੇ ਨਾਲ ਹੀ ਨਵੀਂ ਪੀੜ੍ਹੀ ਨੂੰ ਵੀ ਕਲੱਬ ਨਾਲ ਜੋੜ ਕੇ ਉਨ੍ਹਾਂ ਚ ਧਾਰਮਿਕ ਭਾਵਨਾਵਾਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ























