

ਬੁਢਲਾਡਾ/ਮਾਨਸਾ, 06 ਜੂਨ: (ਸਾਰਾ ਯਹਾਂ/ਮੁੱਖ ਸੰਪਾਦਕ)
ਮਾਨਸਾ ਜ਼ਿਲ੍ਹੇ ਦੇ ਪਿੰਡ ਮਲਕੋਂ ਦੇ ਸਰਕਾਰੀ ਹਾਈ ਸਕੂਲ ਨੂੰ ਕੈਬਨਿਟ ਮੰਤਰੀ, ਪੰਜਾਬ ਸਰਕਾਰ, ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਸ਼ਹੀਦ ਭਗਤ ਸਿੰਘ ਪੰਜਾਬ ਰਾਜ ਵਾਤਾਵਰਣ ਅਵਾਰਡ 2025 ਨਾਲ ਨਿਵਾਜਿਆ ਗਿਆ। ਇਸ ਐਵਾਰਡ ਵਿੱਚ ਇਕ ਲੱਖ ਰੁਪਏ ਨਗਦ, ਚਾਂਦੀ ਦੀ ਪਲੇਟ ਅਤੇ ਸਰਟੀਫਿਕੇਟ ਸਨਮਾਨ ਵਜੋਂ ਮਿਲਿਆ ਹੈ। ਸਕੂਲ ਨੂੰ ਇਹ ਅਵਾਰਡ ਸਕੂਲ ਵਿੱਚ 45 ਤਰ੍ਹਾਂ ਦੇ ਵਿਰਾਸਤੀ ਦਰੱਖਤਾਂ ਦਾ ਮਿੰਨੀ ਜੰਗਲ ਲਗਾਉਣ , ਕੈਂਪਸ ਦੀ ਹਰਿਆਲੀ ਅਤੇ ਸਕੂਲ ਵਿੱਚ ਪਲਾਸਟਿਕ ਦੀ ਵਰਤੋਂ ਤੇ ਮਨਾਹੀ ਕਰਕੇ ਮਿਲਿਆ ਹੈ।
ਹਲਕੇ ਦੇ ਸਕੂਲ ਨੂੰ ਇਹ ਸਨਮਾਨ ਮਿਲਣ ’ਤੇ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਕਿਹਾ ਕਿ ਇਹ ਸਨਮਾਨ ਵਿਗਿਆਨ, ਟੈਕਨੋਲੋਜੀ ਅਤੇ ਵਾਤਾਵਰਣ ਵਿਭਾਗ ਪੰਜਾਬ ਵੱਲੋਂ ਵਾਤਾਵਰਨ ਦਿਵਸ ਮੌਕੇ ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ 23 ਜ਼ਿਲਿ੍ਹਆਂ ਵਿੱਚੋਂ ਇਹ ਸਨਮਾਨ ਮਾਨਸਾ ਦੇ ਮਲਕੋਂ ਸਕੂਲ ਦੇ ਹਿੱਸੇ ਆਇਆ ਹੈ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਮੇਰੇ ਹਲਕੇ ਦੇ ਪਿੰਡ ਮਲਕੋਂ ਦੇ ਸਕੂਲ ਮੁਖੀ ਜਸਮੇਲ ਸਿੰਘ ਗਿੱਲ, ਪਿੰਡ ਦੀ ਪੰਚਾਇਤ, ਸਕੂਲ ਦੀ ਪ੍ਰਬੰਧਕ ਕਮੇਟੀ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਮੈਂ ਵਧਾਈ ਦਿੰਦਾ ਹਾਂ ਜਿੰਨ੍ਹਾਂ ਨੇ ਵਾਤਾਵਰਣ ਦੇ ਖੇਤਰ ਵਿੱਚ ਵਿਲੱਖਣ ਕੰਮ ਕਰਕੇ ਹਲਕੇ ਦਾ ਨਾਮ ਉੱਚਾ ਕੀਤਾ ਹੈ। ਅੱਜ ਸੰਸਾਰ ਪੱਧਰ ’ਤੇ ਵਾਤਾਵਰਣ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਧਰਤੀ ’ਤੇ ਵੱਸਦੇ ਹਰ ਮਨੁੱਖ ਦੀ ਜ਼ਿੰਮੇਵਾਰੀ ਹੈ ਕਿ ਉਹ ਧਰਤੀ, ਹਵਾ ਅਤੇ ਪਾਣੀ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਵੇ।
ਉਨ੍ਹਾਂ ਕਿਹਾ ਕਿ ਸਕੂਲ ਮੁਖੀ ਜਸਮੇਲ ਸਿੰਘ ਗਿੱਲ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਵਾਤਾਵਰਣ ਬਚਾਉਣ ਵਿੱਚ ਹੀ ਯੋਗਦਾਨ ਨਹੀਂ ਪਾਇਆ ਸਗੋਂ ਸਾਰੇ ਸਮਾਜ ਅੱਗੇ ਇੱਕ ਉਦਾਹਰਣ ਪੇਸ਼ ਕੀਤੀ ਹੈ। ਇਹ ਉਦਾਹਰਣ ਸਾਰੇ ਸਮਾਜ ਲਈ ਚੇਤਨਾ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਮਲਕੋਂ ਸਕੂਲ ਨੇ ਸਿਰਫ ਧਰਤੀ ’ਤੇ ਵਿਰਾਸਤੀ ਰੁੱਖ ਹੀ ਨਹੀਂ ਲਗਾਏ ਸਗੋਂ ਪਲਾਸਟਿਕ ਨੂੰ ਸਕੂਲ ਵਿੱਚ ਬੈਨ ਕਰਕੇ ਇੱਕ ਵਿਲੱਖਣ ਕਾਰਜ਼ ਕੀਤਾ ਹੈ। ਉਹਨਾਂ ਕਿਹਾ ਕਿ ਵਿਧਾਇਕ ਅਤੇ ਉਸ ਤੋਂ ਪਹਿਲਾਂ ਅਧਿਆਪਕ ਹੋਣ ਦੇ ਨਾ ’ਤੇ ਮੈਨੂੰ ਮੇਰੇ ਹਲਕੇ ਦੇ ਸਕੂਲ ਦੀ ਪ੍ਰਾਪਤੀ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਹ ਸਕੂਲ ਗਰੀਨ ਨੈਸ਼ਨਲ ਸਕੂਲ ਅਵਾਰਡ ਅਤੇ ਉੱਤਮ ਸਕੂਲ ਅਵਾਰਡ ਜਿਸ ਦੀ ਨਗਦ ਰਾਸ਼ੀ ਸਾਢੇ ਸੱਤ ਲੱਖ ਰੁਪਏ ਸੀ, ਵੀ ਜਿੱਤ ਚੁੱਕਿਆ ਹੈ।
ਇਹ ਸਨਮਾਨ ਮਿਲਣ ’ਤੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਭੁਪਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਭੋਗਲ ਤੋਂ ਇਲਾਵਾ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ, ਪ੍ਰਿੰਸੀਪਲ ਕਮਲਜੀਤ ਕੌਰ, ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ, ਪ੍ਰਿੰਸੀਪਲ ਅਰੁਣ ਕੁਮਾਰ , ਪ੍ਰਿੰਸੀਪਲ ਕਸ਼ਮੀਰ ਸਿੰਘ, ਪ੍ਰਿੰਸੀਪਲ ਦਰਸ਼ਨ ਬਰੇਟਾ, ਮੁੱਖ ਅਧਿਆਪਕ ਮਨਦੀਪ ਸਿੰਘ ਸਰਾਂ, ਜਗਜੀਤ ਸਿੰਘ , ਗੁਰਦਾਸ ਸਿੰਘ ਸੇਖੋਂ , ਮਨਦੀਪ ਕੁਮਾਰ ਜਿੰਦਲ, ਰਜਿੰਦਰ ਸਿੰਘ ਬਿਰਦੀ , ਮਨਜੀਤ ਕੌਰ ਸਰਪੰਚ ਮਲਕੋਂ, ਹਰਪ੍ਰੀਤ ਸਿੰਘ ਜੱਸਲ, ਪਿਆਰਾ ਸਿੰਘ ਗੁਰਨੇ ਕਲਾਂ, ਜਸਕੀਰਤ ਸਿੰਘ ਗਿੱਲ, ਪਰਮਿੰਦਰ ਸਿੰਘ ਦਾਤੇਵਾਸ, ਚੇਅਰਮੈਨ ਬੋਹੜ ਸਿੰਘ, ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਅਤੇ ਨਵਨੀਤ ਕੱਕੜ ਨੇ ਸਕੂਲ ਮੁਖੀ ਜਸਮੇਲ ਸਿੰਘ ਗਿੱਲ ਅਤੇ ਸਾਰੀ ਟੀਮ ਨੂੰ ਵਧਾਈ ਦਿੱਤੀ ।























