

ਮਾਨਸਾ, 19 ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਜ਼ਿਲ੍ਹਾ ਭਾਸ਼ਾ ਦਫਤਰ ਵਲੋਂ ਸਥਾਨਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਪੁਸਤਕ ਪ੍ਰਦਰਸ਼ਨੀ ਅਤੇ ਪੰਜਾਬੀ ਰਾਜ ਭਾਸ਼ਾ ਐਕਟ ਅਤੇ ਸਾਹਿਤ ਦੇ ਮਹੱਤਵ ਵਿਸ਼ੇ ਉਤੇ ਵਿਚਾਰ-ਚਰਚਾ ਦਾ ਆਯੋਜਨ ਪ੍ਰਿੰਸੀਪਲ ਗੁਰਮੇਲ ਸਿੰਘ ਮਾਖਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਮਨੁੱਖ ਭਾਸ਼ਾ ਅੰਦਰ ਹੀ ਜਿਉਂਦਾ ਹੈ। ਪੰਜਾਬ ਰਾਜ ਦੀ ਭਾਸ਼ਾ ਪੰਜਾਬੀ ਹੈ ਤੇ ਇਸ ਵਿਚ ਹੀ ਕਾਰਜ ਕਰਦਿਆਂ ਅਸੀਂ ਆਪਣੀ ਤਰੱਕੀ ਕਰ ਸਕਦੇ ਹਾਂ।
ਜ਼ਿਲ੍ਹਾ ਖੋਜ ਅਫ਼ਸਰ ਕਵੀ ਗੁਰਪ੍ਰੀਤ ਸਿੰਘ ਨੇ ਸਾਹਿਤ ਅਤੇ ਜ਼ਿੰਦਗੀ ਵਿਸ਼ੇ ‘ਤੇ ਗੱਲ- ਬਾਤ ਕਰਦਿਆਂ ਕਿਹਾ ਕਿ ਸਾਹਿਤ ਸਾਡੀਆਂ ਰੂਹਾਂ ‘ਤੇ ਜੰਮੀ ਧੂੜ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ। ਜ਼ਿੰਦਗੀ ਨੂੰ ਨੇੜੇ ਤੋਂ ਸਮਝਣ ਲਈ ਸਾਹਿਤ ਪਰਮੁੱਖ ਭੂਮਿਕਾ ਨਿਭਾਉਂਦਾ ਹੈ।
ਇਸ ਮੌਕੇ ਇਲੈਕਟ੍ਰੋਨਿਕਸ ਦੇ ਅਧਿਆਪਕ ਜਸਪਾਲ ਸਿੰਘ ਅਤੇ ਕਰਮਜੀਤ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਭਾਗ ਵਲੋਂ ਸਰਬਜੀਤ ਸਿੰਘ ਨੇ ਓਮ ਪ੍ਰਕਾਸ਼ ਅਤੇ ਜੁਗਰਾਜ ਸਿੰਘ ਦੇ ਸਹਿਯੋਗ ਨਾਲ਼ ਵਡਮੁੱਲੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਈ ਗਈ, ਜਿਸ ਵਿਚ ਸਿਖਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।























