*ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਖਿਆਲੀ ਚਹਿਲਾਂਵਾਲੀ ਵਿਖੇ ਨਰਮੇ ਦੀ ਫਸਲ ਦਾ ਸਰਵੇਖਣ*

0
12

ਮਾਨਸਾ, 19 ਮਈ  (ਸਾਰਾ ਯਹਾਂ/ਬਿਊਰੋ ਨਿਊਜ਼)  :ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਵੱਲੋਂ ਬਲਾਕ ਝੁਨੀਰ ਵਿੱਚ ਨਰਮੇ ਦੀ ਫਸਲ ਦਾ ਸਰਵੇਖਣ ਕਰਨ ਲਈ ਪਿੰਡ ਖਿਆਲੀ ਚਹਿਲਾਵਾਲੀ ਵਿਖੇ ਦੌਰਾ ਕੀਤਾ ਗਿਆ। ਉਨ੍ਹਾਂ ਕਿਸਾਨਾਂ ਨੂੰ ਇਸ ਵੇਲੇ ਪੈ ਰਹੀ ਅੱਤ ਦੀ ਗਰਮੀ ਅਤੇ ਲੂ ਨਰਮੇ ਦੇ ਪੌਦਿਆਂ ਲਈ ਨੁਕਸਾਨਦੇਹ ਹੈ ਬਾਰੇ ਦੱਸਿਆ ਅਤੇ ਇਸ ਤੋਂ ਨਰਮੇ ਦੇ ਪੌਦਿਆਂ ਨੂੰ ਬਚਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਜਾਰੀ ਕੀਤੀ ਗਈ ਅਡਵਾਈਜਰੀ ਬਾਰੇ ਦੱਸਦੇ ਹੋਏ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਨਰਮੇ ਦੀ ਬਿਜਾਈ ਸਵੇਰੇ ਸ਼ਾਮ ਪੂਰੀ ਵੱਤਰ ਵਿੱਚ ਹੀ ਕਰੋ ਤਾਂ ਜੋ ਉੱਗਣ ਸ਼ਕਤੀ ਪੂਰੀ ਰਹੇ।
ਉਨ੍ਹਾਂ ਦੱਸਿਆ ਕਿ ਉੱਤਰ—ਦੱਖਣ ਦਿਸ਼ਾ ਵਿੱਚ ਵੱਟਾਂ ਬਣਾ ਕੇ ਨਰਮੇ ਦੀ ਬਿਜਾਈ ਵੱਟ ਦੇ ਪੂਰਬੀ ਪਾਸੇ ਕਰਨ ਨਾਲ ਛੋਟੀ ਫਸਲ ਲੂ ਦੀ ਮਾਰ ਤੋਂ ਬਚ ਜਾਂਦੀ ਹੈ, ਨਰਮੇ ਦੇ ਛੋਟੇ ਬੂਟੇ ਲੂ ਨੂੰ ਸਹਾਰਦੇ ਨਹੀਂ, ਇਸ ਲਈ ਪਾਣੀ ਸਮੇਂ ਸਿਰ ’ਤੇ ਲਾਉਣਾ ਚਾਹੀਦਾ ਹੈ ਅਤੇ ਪਾਣੀ ਸਵੇਰੇ ਜਾਂ ਸ਼ਾਮ ਵੇਲੇ ਹੀ ਲਾਇਆ ਜਾਵੇ ਕਿਉਂਕਿ ਦੁਪਹਿਰ ਵੇਲੇ ਪਾਣੀ ਲਾਉਣ ਨਾਲ ਵਾਸ਼ਪੀਕਰਨ ਜ਼ਿਆਦਾ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਇਸ ਨਾਲ ਨਰਮੇ ਦੇ ਬੂਟਿਆਂ ਵਿੱਚ ਪੈਰਾਵਿਲਟ ਦੀ ਸਮੱਸਿਆ ਆ ਸਕਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੈਰਾਵਿਲਟ ਦੀਆਂ ਮੁੱਢਲੀਆਂ ਨਿਸ਼ਾਨੀਆਂ ਬੂਟਿਆਂ ਵਿੱਚ ਪਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਬੂਟਿਆਂ ਉਪਰ ਕੋਬਾਲਟ ਕਲੋਰਾਈਡ 10 ਮਿਲੀਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ 48 ਘੰਟਿਆਂ ਦੇ ਵਿੱਚ ਵਿੱਚ ਸਪਰੇਅ ਕਰਨੀ ਚਾਹੀਦੀ ਹੈ।
ਇਸ ਮੌਕੇ ਸੰਦੀਪ ਸਿੰਘ, ਖੇਤੀਬਾੜੀ ਉਪ ਨਿਰੀਖਕ, ਕਮਲਦੀਪ ਸਿੰਘ, ਸਹਾਇਕ ਟੈਕਨਾਲੋਜੀ ਮੈਨੇਜਰ ਤੋਂ ਇਲਾਵਾ ਪਿੰਡ ਦੇ ਮੋਹਤਬਰ ਕਿਸਾਨ ਮੋਜੂਦ ਸਨ।

LEAVE A REPLY

Please enter your comment!
Please enter your name here