

ਮਾਨਸਾ, 08 ਮਈ (ਸਾਰਾ ਯਹਾਂ/ਮੁੱਖ ਸੰਪਾਦਕ) :ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਸਾਲ 2025—26 ਦੌਰਾਨ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕੰਬਾਇਨ ਹਾਰਵੇਸਟਰ ’ਤੇ ਅਟੈਚਮੈਂਟ ਸੁਪਰ. ਐਸ.ਐਮ.ਐਸ. ਮਸ਼ੀਨ ’ਤੇ ਸਬਸਿਡੀ ਦੇਣ ਲਈ ਆਨਲਾਈਨ ਪੋਰਟਲ ’ਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ, ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਿੱਚ ਕੰਬਾਇਨ ਹਾਰਵੈਸਟਰ ’ਤੇ ਸੁਪਰ ਐਸ.ਐਮ.ਐਸ. ਅਟੈਚਮੈਂਟ ਦਾ ਅਹਿਮ ਯੋਗਦਾਨ ਹੈ। ਸੁਪਰ ਐਸ.ਐਮ.ਐਸ. ਰਾਹੀ ਝੋਨੇ ਦੀ ਕਟਾਈ ਕਰਨ ਨਾਲ ਝੋਨੇ ਦਾ ਪਰਾਲ ਛੋਟੇ—ਛੋਟੇ ਟੁਕੜਿਆ ਵਿੱਚ ਕੱਟ ਕੇ ਖੇਤ ਵਿੱਚ ਖਿੱਲਰ ਜਾਦਾ ਹੈ, ਜਿਸ ਨਾਲ ਕਣਕ ਦੀ ਬਿਜਾਈ ਕੁਤਰੇ ਹੋਏ ਪਰਾਲ ਵਿੱਚ ਬਿਨ੍ਹਾਂ ਅੱਗ ਲਗਾਏ ਸੁਪਰ ਸੀਡਰ, ਸਮਾਰਟ ਸੀਡਰ, ਹੈਪੀ ਸੀਡਰ ਆਦਿ ਮਸ਼ੀਨਾਂ ਨਾਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਜ਼ਿਲ੍ਹਾ ਮਾਨਸਾ ਦੇ ਕੰਬਾਇਨ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਕੰਬਾਇਨ ਹਾਰਵੈਸਟਰ ’ਤੇ ਸੁਪਰ ਐਸ.ਐਮ.ਐਸ. ਲਗਵਾਉਣ ਅਤੇ ਕਿਸਾਨ ਸੁਪਰ ਐਸ.ਐਮ.ਐਸ. ਵਾਲੀਆਂ ਮਸ਼ੀਨਾਂ ਰਾਹੀ ਝੋਨੇ ਦੀ ਕਟਾਈ ਕਰਵਾਉਣ। ਇਸ ਸਕੀਮ ਦਾ ਲਾਭ ਲੈਣ ਲਈ ਕੰਬਾਇਨ ਮਾਲਕ ਵੱਲੋ ਸਬਸਿਡੀ ’ਤੇ ਸੁਪਰ ਐਸ.ਐਮ.ਐਸ. ਲਗਵਾਉਣ ਲਈ ਆਪਣੀਆਂ ਦਰਖਾਸਤਾਂ ਆਨਲਾਈਨ ਪੋਰਟਲ agrimachinerypb.com ਰਾਹੀ 12 ਮਈ 2025 ਸ਼ਾਮ 5.00 ਵਜੇ ਤੱਕ ਦਿੱਤੀਆ ਜਾ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਨਿੱਜੀ ਕਿਸਾਨਾ ਲਈ ਸਬਸਿਡੀ ਦੀ ਦਰ 50 ਫ਼ੀਸਦੀ ਅਤੇ ਸੀ.ਐਚ.ਸੀ. ਲਈ 80 ਫ਼ੀਸਦੀ ਹੋਵੇਗੀ। ਵਧੇਰੇ ਜਾਣਕਾਰੀ ਲਈ ਸਬੰਧਤ ਦਫ਼ਤਰ, ਬਲਾਕ ਖੇਤੀਬਾੜੀ ਅਫ਼ਸਰ ਅਤੇ ਜ਼ਿਲ੍ਹਾ ਪੱਧਰ ’ਤੇ ਦਫਤਰ, ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਵਿਖੇ ਇੰਜੀਨੀਅਰ ਸ਼ਾਖਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।






















