ਰੁਜ਼ਗਾਰ ਮੇਲੇ ਦੇ ਦੂਜੇ ਦਿਨ 212 ਨੌਜਵਾਨਾਂ ਦੀ ਹੋਈ ਚੋਣ

0
37
ਮਾਨਸਾ, 17 ਨਵੰਬਰ (ਬਲਜੀਤ ਸ਼ਰਮਾ)  : ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਘਰ ਘਰ ਰੁਜ਼ਗਾਰ ਮੁਹਿੰਮ ਤਹਿਤ ਸਥਾਨਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿਚ ਕਰਵਾਏ ਜਾ ਰਹੇ ਤੀਜੇ ਰਾਜ ਪੱਧਰੀ ਮੈਗਾ ਰੁਜ਼ਗਾਰ ਮੇਲੇ ਦੇ ਦੂਸਰੇ ਦਿਨ 11 ਕੰਪਨੀਆਂ ਨੇ ਸਿ਼ਰਕਤ ਕੀਤੀ। ਇਸ ਮੇਲੇ ਵਿਚ ਤਕਰੀਬਨ  500 ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਜਿ਼ਲ੍ਹੇ ਦੀਆਂ ਵੱਖ—ਵੱਖ ਥਾਵਾਂ ਤੋਂ ਪਹੁੰਚੇ, ਉਨ੍ਹਾਂ ਵਿਚੋਂ 212 ਵੱਖ—ਵੱਖ ਕੰਪਨੀਆਂ ਵਿਚ ਨੌਕਰੀ ਲਈ ਚੁਣੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਰੁਜ਼ਗਾਰ ਮੇਲੇ ਦੇ ਪਹਿਲੇ ਦਿਨ ਕਾਫ਼ੀ ਉਤਸ਼ਾਹ ਨਾਲ ਨੌਜਵਾਨ ਲੜਕੇ ਲੜਕੀਆਂ ਨੇ ਹਿੱਸਾ ਲਿਆ, ਵੱਖ—ਵੱਖ ਕੰਪਨੀਆਂ ਵਿਚ ਇੰਟਰਵਿਊ ਦਿੱਤੀਆਂ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਲੜਕੇ ਲੜਕੀਆਂ ਕੰਪਨੀਆਂ ਦੁਆਰਾ ਚੁਣੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸੋਚ ਹੈ ਕਿ ਕੋਈ ਵੀ ਨੌਜਵਾਨ ਜੋ ਕਿ ਕੰਮ ਕਰਨ ਦਾ ਇੱਛੁਕ ਹੈ, ਕੰਮ ਕਰਨ ਦੀ ਲਗਨ ਰੱਖਦਾ ਹੈ ਉਸ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੈਗਾ ਰੁਜ਼ਗਾਰ ਮੇਲੇ ਦੇ ਅੱਜ ਦੂਸਰੇ ਦਿਨ ਵੀ ਵੱਖ—ਵੱਖ ਕੰਪਨੀਆਂ ਨੂੰ ਸੱਦਾ ਦਿੱਤਾ ਗਿਆ ਹੈ ਜੋ ਕਿ ਕਾਬਲ ਨੌਜਵਾਨ ਲੜਕੇ ਲੜਕੀਆਂ ਨੂੰ ਚੁਣ ਕੇ ਲਿਜਾਣਗੀਆਂ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨਗੀਆਂ।
ਉਨ੍ਹਾਂ ਕਿਹਾ ਕਿ ਨੌਜਵਾਨ ਕਦੇ ਵੀ ਇਹ ਨਾ ਸੋਚ ਕੇ ਚੱਲਣ ਕਿ ਉਨ੍ਹਾਂ ਨੇ ਆਪਣੇ ਘਰ ਦੇ ਨੇੜੇ ਹੀ ਨੌਕਰੀ ਕਰਨੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਜੋ ਨੌਜਵਾਨ ਮੁੰਡੇ ਕੁੜੀਆਂ ਆਪਣੇ ਘਰ ਦੇ ਨਜ਼ਦੀਕ, ਆਪਣੇ ਸ਼ਹਿਰ ਜਾਂ ਆਪਣੇ ਪਿੰਡ ਹੀ ਰਹਿ ਕੇ ਕੰਮ ਕਰਨਾ ਚਾਹੁੰਦੇ ਹਨ ਜਾਂ ਕਿਸੇ ਕਾਰਨ ਘਰ ਤੋਂ ਦੂਰ ਨਹੀਂ ਜਾ ਸਕਦੇ, ਉਹ ਅੱਜ ਦੇ ਰੁਜ਼ਗਾਰ ਮੇਲੇ ਵਿਚ ਮੌਜੂਦ ਸਵੈ ਰੁਜ਼ਗਾਰ ਏਜੰਸੀਆਂ ਕੋਲ ਆਪਣੀ ਰਜਿਸਟਰੇਸ਼ਨ ਕਰਵਾ ਕੇ ਮੁਫ਼ਤ ਟਰੇਨਿੰਗ ਲੈ ਕੇ ਆਪਣੇ ਹੀ ਇਲਾਕੇ ਵਿਚ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ।
ਜਿ਼ਲ੍ਹਾ ਰੁਜ਼ਗਾਰ ਅਫ਼ਸਰ ਸ੍ਰੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਮੇਲੇ ਵਿਚ ਆਈਆਂ ਵੱਖ—ਵੱਖ ਕੰਪਨੀਆਂ ਕੋਲ ਮੌਜੂਦ ਆਸਾਮੀਆਂ ਲਈ ਅੱਜ ਬੇਰੁਜ਼ਗਾਰ ਲੜਕੇ ਲੜਕੀਆਂ ਦੀ ਇੰਟਰਵਿਊ ਲੈ ਕੇ ਯੋਗ ਉਮੀਦਵਾਰਾਂ ਦੀ ਨੌਕਰੀ ਲਈ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਗਾ ਰੁਜ਼ਗਾਰ ਮੇਲੇ ਦੇ ਅੱਜ ਦੂਸਰੇ ਦਿਨ ਵਾਇਟੇਸ਼ਨ ਐਨਰਜੀ, ਸਟੈਂਡਰਡ ਕਾਰਪੋਰੇਸ਼ਨ ਇੰਡੀਆ ਲਿਮਟਡ, ਹਰਵਿੰਦਰਾ ਐਗਰੋ ਇੰਡਸਟਰੀਜ਼, ਸਿ਼ਵ ਸ਼ਕਤੀ ਗਰੁੱਪ ਆਫ਼ ਇੰਸਟੀਚਿਊਟ ਭੀਖੀ, ਇੰਡੀਅਨ ਮੈਡੀਕਲ ਕਾਊਂਸਲ, ਚੈਕਮੇਟ, ਲਾਈਫ਼ ਇੰਸ਼ੋਰੈਂਸ ਕਾਰਪੋਰੇਸ਼ਨ, ਗੰਗਾ ਸਪਿਨਟੈਕਸ ਮਿਲ, ਇੰਡੀਅਨ ਐਕਰਾਈਲਕ ਲਿਮਟਡ ਤੋਂ ਇਲਾਵਾ ਸਵੈ ਰੁਜ਼ਗਾਰ ਏਜੰਸੀਆਂ ਨੇ ਸਿ਼ਰਕਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਨੌਜਵਾਨਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।
ਅਖ਼ੀਰ ਵਿਚ ਨੌਜਵਾਨਾਂ ਦੀ ਚੋਣ ਲਈ ਆਈਆਂ ਵੱਖ—ਵੱਖ ਕੰਪਨੀਆਂ ਦੇ ਨੁਮਾਇੰਦੇਆਂ ਵੱਲੋਂ ਆਪਣੀ ਆਪਣੀ ਕੰਪਨੀ ਵਿਚ ਖਾਲੀ ਪਈਆਂ ਅਸਾਮੀਆਂ ਦੀ ਜਾਣਕਾਰੀ ਦਿੱਤੀ ਗਈ ਅਤੇ ਹਾਜ਼ਰੀਨ ਨੌਜਵਾਨ ਲੜਕੇ ਲੜਕੀਆਂ ਨੂੰ ਇੱਛਾ ਮੁਤਾਬਿਕ ਕੰਪਨੀਆਂ ਕੋਲ ਇੰਟਰਵਿਊ ਲਈ ਅਪੀਅਰ ਹੋਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜੇਸ਼ ਤ੍ਰਿਪਾਠੀ, ਪ੍ਰਿੰਸੀਪਲ ਸੁਪਨਦੀਪ ਕੌਰ ਤੋਂ ਇਲਾਵਾ ਕੰਪਨੀਆਂ ਦੇ ਨੁਮਾਇੰਦੇ ਅਤੇ ਇੰਟਰਵਿਊ ਲਈ ਆਏ ਨੌਜਵਾਨ ਲੜਕੇ ਲੜਕੀਆਂ ਹਾਜ਼ਰ ਸਨ।

EDITED BY : SARA YAHA | | Last Updated : 6:39 pm 17 ਨਵੰਬਰ 2018

LEAVE A REPLY

Please enter your comment!
Please enter your name here