

ਫਗਵਾੜਾ 23 ਅਪ੍ਰੈਲ (ਸਾਰਾ ਯਹਾਂ/ਸ਼ਿਵ ਕੌੜਾ) ਬੀ.ਡੀ.ਪੀ.ਓ. ਦਫਤਰ ਫਗਵਾੜਾ ਵਿਖੇ ਸਮੂਹ ਸਟਾਫ ਵਲੋਂ ਸਰਪੰਚਾਂ ਤੇ ਪੰਚਾਂ ਦੇ ਸਹਿਯੋਗ ਨਾਲ ਭਾਰਤ ਰਤਨ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੇ 134ਵਾਂ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਪੰਚਾਇਤ ਅਫਸਰ ਜਗਜੀਤ ਸਿੰਘ ਪਰਮਾਰ ਅਤੇ ਮਲਕੀਤ ਚੰਦ ਕੰਗ ਪੰਚਾਇਤ ਸਕੱਤਰ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦੀ ਤਸਵੀਰ ਤੇ ਫੁੱਲ ਅਰਪਣ ਕਰਨ ਉਪਰੰਤ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦਾ ਜੀਵਨ ਬਹੁਤ ਸੰਘਰਸ਼ ਪੂਰਣ ਸੀ। ਪਰ ਉਹਨਾਂ ਨੇ ਸੰਘਰਸ਼ਾਂ ਅੱਗੇ ਹਾਰ ਨਾ ਮੰਨਦੇ ਹੋਏ ਸੰਘਰਸ਼ ਦਾ ਮੁਕਾਬਲਾ ਕਰਦਿਆਂ ਉੱਚਾ ਮੁਕਾਮ ਹਾਸਲ ਕੀਤਾ। ਉਹਨਾਂ ਦੀ ਸਫਲਤਾ ‘ਚ ਪੜ੍ਹਾਈ ਦਾ ਅਹਿਮ ਯੋਗਦਾਨ ਸੀ। ਡਾ. ਅੰਬੇਡਕਰ ਨੇ ਸਮਾਜ ਦੇ ਸਾਰੇ ਵਰਗਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੰਵਿਧਾਨ ਦਾ ਖਰੜਾ ਤਿਆਰ ਕੀਤਾ। ਉਹਨਾਂ ਕਿਹਾ ਕਿ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਦਾ ਹੀ ਕਮਾਲ ਹੈ ਕਿ ਅੱਜ ਭਾਰਤੀ ਔਰਤਾਂ ਪਿੰਡਾਂ ‘ਚ ਸਰਪੰਚ ਦੀ ਜਿੰਮੇਵਾਰੀ ਤੋਂ ਲੈ ਕੇ ਅੰਤਰਿਕਸ਼ ਦੀਆਂ ਉਡਾਨਾਂ ਭਰ ਰਹੀਆਂ ਹਨ। ਏ.ਪੀ.ਓ. ਨਰੇਗਾ ਸਰਿੰਦਰ ਪਾਲ ਸਿੰਘ ਬਘਾਣਾ, ਬਲਵਿੰਦਰ ਸਿੰਘ ਪੰਚਾਇਤ ਸਕੱਤਰ, ਜੇ.ਈ. ਅਨਿਲ ਕੁਮਾਰ ਤੇ ਅਮਨਦੀਪ, ਜਸਕਰਨ ਵਰਮਾ ਟੀ.ਏ., ਬੀਬੀ ਕੁਲਵੰਤ ਕੌਰ ਸਰਪੰਚ ਢੰਡੋਲੀ, ਸੁਨੀਤਾ ਦੁੱਗਾਂ, ਸੁਖਵਿੰਦਰ ਕੌਰ ਰਣਧੀਰ ਗੜ੍ਹ ਆਦਿ ਨੇ ਕਿਹਾ ਕਿ ਬਾਬਾ ਸਾਹਿਬ ਦੇ ਜੀਵਨ ਤੋਂ ਸੇਧ ਲੈ ਕੇ ਉੱਚ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ। ਉਹਨਾਂ ਨੇ ਅਜੋਕੀ ਨੋਜਵਾਨ ਪੀੜ੍ਹੀ ਨੂੰ ਬਾਬਾ ਸਾਹਿਬ ਦੇ ਜੀਵਨ ਨਾਲ ਸਬੰਧਤ ਸਾਹਿੱਤ ਦਾ ਅਧਿਐਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਦੇਸ਼ ਅਤੇ ਸਮਾਜ ਦੀ ਬਿਹਤਰੀ ਲਈ ਸਹਿਯੋਗ ਕਰਨ ਦਾ ਸੱਦਾ ਦਿੱਤਾ। ਬਾਬਾ ਸਾਹਿਬ ਦੇ ਜਨਮ ਦਿਨ ਦੀ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ। ਇਸ ਮੌਕੇ ਰੇਸ਼ਮ ਸਿੰਘ ਲੱਖਪੁਰ, ਚਰਨਜੀਤ ਸਿੰਘ ਚਾਨਾ ਸਾਬਕਾ ਸਰਪੰਚ ਬਰਨ, ਸਾਬਕਾ ਸਰਪੰਚ ਹਰਮੇਸ਼ ਲਾਲ, ਸਾਬਕਾ ਸਰਪੰਚ ਕਮਲੇਸ਼ ਰਾਣੀ, ਤਜਿੰਦਰ ਪਾਲ ਸਿੰਘ ਸਰਪੰਚ ਸੰਗਤਪੁਰ, ਮਨਜੀਤ ਮਾਨ ਸਰਪੰਚ ਗੰਢਵਾ, ਦਵਿੰਦਰ ਸਿੰਘ ਸਰਪੰਚ ਸਪਰੋੜ, ਉਮੇਸ਼, ਆਸ਼ਾ, ਪਿ੍ਰਅੰਕਾ ਈ. ਪੰਚਾਇਤ, ਕੁਲਜੀਤ ਸਿੰਘ, ਨਿਰਮਲ ਸਿੰਘ ਨਰੂੜ, ਕ੍ਰਿਪਾਲ ਸਿੰਘ, ਨਛੱਤਰ ਸਿੰਘ, ਸਨੀ ਮਹੇੜੂ, ਸਵਰਨਾ ਰਾਮ, ਵਿਜੇ ਕੁਮਾਰ ਬਘਾਣਾ, ਪ੍ਰਕਾਸ਼ ਰਾਮ ਢੰਡੋਲੀ, ਠੇਕੇਦਾਰ ਜੋਗੀ ਰਾਮ, ਨਵਜੋਤ, ਰਵੀ ਕੁਮਾਰ, ਰਵਿੰਦਰ ਕੌਰ, ਬਲਜਿੰਦਰ ਕੌਰ, ਇੰਦਰਪ੍ਰੀਤ ਸਿੰਘ ਭੁੱਲਰਾਈ ਆਦਿ ਹਾਜਰ ਸਨ।























