

ਫਗਵਾੜਾ 4 ਅਪ੍ਰੈਲ (ਸਾਰਾ ਯਹਾਂ/ਸ਼ਿਵ ਕੌੜਾ) ਜੇਸੀਟੀ ਮਿੱਲ ਮਜ਼ਦੂਰ ਸੰਘਰਸ਼ ਕਮੇਟੀ ਦਾ ਇੱਕ ਵਫ਼ਦ ਅੱਜ ਥਾਪਰ ਕਲੋਨੀ ਦੇ ਕੌਂਸਲਰ ਰਵੀ ਸਿੱਧੂ ਅਤੇ ਸ਼ਿਵ ਸੈਨਾ ਯੂਬੀਟੀ ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਦੀ ਅਗਵਾਈ ਹੇਠ ਐਸ.ਡੀ.ਐਮ. ਫਗਵਾੜਾ ਜਸ਼ਨਜੀਤ ਸਿੰਘ ਨੂੰ ਮਿਲਿਆ। ਇਸ ਦੌਰਾਨ ਕਮਲ ਸਰੋਜ ਅਤੇ ਰਵੀ ਸਿੱਧੂ ਨੇ ਐਸ.ਡੀ.ਐਮ. ਨੂੰ ਦੱਸਿਆ ਕਿ ਜੇਸੀਟੀ ਮਿੱਲ ਮਜ਼ਦੂਰਾਂ ਨੂੰ ਬਕਾਇਆ ਪੀ.ਐਫ. ਤਨਖਾਹਾਂ ਅਤੇ ਭੱਤਿਆਂ ਆਦਿ ਦਾ ਭੁਗਤਾਨ ਨਾ ਹੋਣ ਕਾਰਨ ਭਾਰੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਮਲ ਸਰੋਜ ਅਤੇ ਰਵੀ ਸਿੱਧੂ ਅਨੁਸਾਰ ਐਸ.ਡੀ.ਐਮ. ਨੇ ਭਰੋਸਾ ਦਿੱਤਾ ਹੈ ਕਿ ਪੀ.ਐਫ. ਭੁਗਤਾਨ ਲਈ ਦਸਤਾਵੇਜ਼ ਪ੍ਰਕਿਰਿਆ ਦਾ ਲਗਭਗ ਅੱਸੀ ਪ੍ਰਤੀਸ਼ਤ ਕੰਮ ਪੂਰਾ ਹੋ ਗਿਆ ਹੈ। ਬਹੁਤ ਜਲਦੀ ਹੀ ਮਜ਼ਦੂਰਾਂ ਦੇ ਹੱਕਦਾਰ ਪੈਸੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਵਾ ਦਿੱਤੇ ਜਾਣਗੇ। ਉਨ੍ਹਾਂ ਨੇ ਵਰਕਰਾਂ ਨੂੰ ਕਿਸੇ ਦੇ ਝਾਂਸੇ ਵਿੱਚ ਨਾ ਆਉਣ ਦੀ ਹਦਾਇਤ ਵੀ ਕੀਤੀ। ਸ਼ਿਵ ਸੈਨਾ ਆਗੂ ਕਮਲ ਸਰੋਜ ਨੇ ਦੱਸਿਆ ਕਿ ਐਸ.ਡੀ.ਐਮ. ਨਾਲ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਹੈ ਅਤੇ ਪੂਰੀ ਉਮੀਦ ਹੈ ਕਿ ਪ੍ਰਸ਼ਾਸਨ ਜਲਦੀ ਹੀ ਮਜ਼ਦੂਰਾਂ ਦੇ ਹੱਕਾਂ ਦੀ ਅਦਾਇਗੀ ਕਰਵਾ ਦੇਵੇਗਾ। ਉਨ੍ਹਾਂ ਚੇਤਾਵਨੀ ਵੀ ਦਿੱਤੀ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ-ਅੰਦਰ ਪੀ.ਐਫ. ਕਾਗਜੀ ਪ੍ਰਕ੍ਰਿਆ ਪੂਰੀ ਨਾ ਹੋਈ ਤਾਂ ਪੀ.ਐਫ. ਕਮਿਸ਼ਨਰ ਜਲੰਧਰ ਦਾ ਘਿਰਾਓ ਕੀਤਾ ਜਾਵੇਗਾ। ਕੌਂਸਲਰ ਰਵੀ ਸਿੱਧੂ ਨੇ ਵੀ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮਜ਼ਦੂਰਾਂ ਦੀ ਪੂਰੀ ਅਤੇ ਅੰਤਿਮ ਅਦਾਇਗੀ ਨਹੀਂ ਹੋ ਜਾਂਦੀ। ਇਸ ਮੌਕੇ ਨਵਲ ਕਿਸ਼ੋਰ ਸਿੰਘ, ਉਮੇਸ਼ ਗਿਰੀ, ਰਘੂਨਾਥ, ਪਵਨ ਸਿੰਘ, ਰਵਿੰਦਰ ਯਾਦਵ, ਪਵਨ ਮਿਸ਼ਰਾ, ਭੱਭੀ ਭੂਸ਼ਨ, ਰਾਕੇਸ਼ ਮਿਸ਼ਰਾ ਆਦਿ ਹਾਜ਼ਰ ਸਨ।























